ਬਰਨਾਲਾ, 30 ਮਾਰਚ: ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਸਾਰੀ ਦੁਨੀਆਂ ਜੰਗ ਲੜ ਰਹੀ ਹੈ ਤੇ ਇਹ ਅਜਿਹਾ ਨਾਜ਼ੁੁਕ ਸਮਾਂ ਹੈ ਜਦੋਂ ਅਸੀਂ ਆਮ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਅਤੇ ਅਫਵਾਹਾਂ ਤੋਂ ਬਚਣ ਲਈ ਪ੍ਰੇਰਿਤ ਕਰਨਾ ਹੈ।

ਇਹ ਪ੍ਰਗਟਾਵਾ ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਆਪਣੇ ਦਫਤਰ ਵਿਖੇ ਮੀਡੀਆ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਕੀਤਾ।  ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲੇ ਵਿੱਚ ਜ਼ਰੂਰੀ ਵਸਤਾਂ ਦੀ ਕਿਤੇ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਸ਼ਹਿਰਾਂ ਵਿੱਚ ਫਲਾਂ, ਸਬਜ਼ੀਆਂ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀ ਹੋਮ ਡਿਲਿਵਰੀ ਜਾਰੀ ਹੈ। ਕੈਮਿਸਟ ਦੀਆਂ ਦੁਕਾਨਾਂ ਖੱੁੱਲਣ ਦਾ ਸਮਾਂ ਸਵੇਰੇ 6 ਤੋਂ 8 ਵਜੇ ਤੱਕ ਕੀਤਾ ਗਿਆ ਹੈ। ਬਾਕੀ ਪਰਮਿਟ ਵਾਲੇ ਕੈਮਿਸਟ ਉੇਸੇ ਤਰਾਂ ਨਿਰਧਾਰਿਤ ਸਮੇਂ ਵਿਚ ਹੋਮ ਡਿਲਿਵਰੀ ਕਰਨਗੇ।

ਪਿੰਡਾਂ ਵਿੱਚ ਦੋ-ਦੋ ਘੰਟੇ ਕਰਿਆਣੇ ਦੀਆਂ ਦੁਕਾਨਾਂ ਖੁਲਵਾਉਣ ਅਤੇ ਕੈਮਿਸਟ ਦੀਆਂ ਦੁਕਾਨਾਂ ਖੁੱਲਵਾਉਣ ਲਈ ਸਰਪੰਚਾਂ/ਪਟਵਾਰੀਆਂ ਦੀ ਡਿੳੂਟੀ ਲਗਾਈ ਗਈ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਉਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਗਾਹਕਾਂ ਵਿਚਾਲੇ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ। ਜੇਕਰ ਕਿਸੇ ਪਿੰਡ ਵਿੱਚ ਲੋੜੀਂਦੀਆਂ ਵਸਤਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਸਬੰਧਤ ਸਰਪੰਚ/ਪਟਵਾਰੀ ਤੇ ਜੀਓਜ਼ੀ ਨਾਲ ਸੰਪਰਕ ਕੀਤਾ ਜਾਵੇ।

ਉਦਯੋਗਾਂ ਦੇ ਮਾਮਲੇ ਵਿੱਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਿਹੜੀ ਸਨਅਤ ਕੋਲ ਆਪਣੇ ਕੈਂਪਸ ਅੰਦਰ ਹੀ ਲੇਬਰ ਰੱਖਣ ਦਾ ਇੰਤਜ਼ਾਮ ਹੈ, ਲੇਬਰ ਦੇ ਖਾਣ-ਪੀਣ ਤੇ ਮੈਡੀਕਲ ਚੈਕਅਪ ਦਾ ਇੰਤਜ਼ਾਮ ਹੈ, ਉਹੀ ਸਨਅਤ ਚਲਾ ਸਕੇਗਾ।

ਉਨਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਰੈੱਡ ਕ੍ਰਾਸ ਸੁਸਾਇਟੀ ਰਾਹੀਂ ਸੁੱਕਾ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸ ਬਾਬਤ ਕੁਝ ਅੇੈਨਜੀਓਜ਼ ਵੀ ਜ਼ਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇ ਰਹੀਆਂ ਹਨ, ਜਿਨਾਂ ਨੂੰ ਖੇਤਰ/ਇਲਾਕੇ ਵੰਡ ਦਿੱਤੇ ਗਏ ਹਨ। ਉਨਾਂ ਜ਼ਿਲਾ ਪ੍ਰਸ਼ਾਸਨ ਨਾਲ ਰਾਬਤਾ ਬਣਾਉਣ ਵਾਲੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਉਹ ਸੁੱਕਾ ਰਾਸ਼ਨ ਹੀ ਦਾਨ ਕਰਨ ਨੂੰ ਤਰਜੀਹ ਦੇਣ।  ਇਸ ਸਬੰਧੀ 01679-244072 ਜਾਂ 98159-86592 ’ਤੇ ਸੰਪਰਕ ਕੀਤਾ ਜਾਵੇ।

ਇਕ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਜ਼ਰੂਰੀ ਹੈ ਕਿ ਲੋਕਾਂ ਵਿੱਚ ਕਿਸੇ ਵੀ ਤਰਾਂ ਦੀ ਘਬਰਾਹਟ ਪੈਦਾ ਨਾ ਹੋਵੇ। ਕਰੋਨਾ ਵਾਇਰਸ ਤੋਂ ਬਚਾਅ ਲਈ ਸਿਰਫ ਸਾਵਧਾਨੀਆਂ ਵਰਤਣ ਅਤੇ ਸਰਕਾਰ ਵੱਲੋਂ ਜਾਰੀ ਐਡਵਾਇਜ਼ਰੀ ਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਣ ਦੀ ਲੋੜ ਹੈ। ਇਸ ਲਈ ਨਾ ਹੀ ਕਿਸੇ ਅਫਵਾਹ ’ਤੇ ਯਕੀਨ ਕੀਤਾ ਜਾਵੇ ਅਤੇ ਨਾ ਹੀ ਕੋਈ ਅਫਵਾਹ ਫੈਲਾਈ ਜਾਵੇ। ਅਫਵਾਹ ਫੈਲਾਉਣ ਵਾਲੇ ਖਿਲਾਫ ਜ਼ਿਲਾ ਪ੍ਰਸ਼ਾਸਨ ਵੱਲੋਂ ਕਾਨੂੰਨੀ ਕਾਰਵਾਈ ਕਰਾਈ ਜਾਵੇਗੀ।

ਉਨਾਂ ਕਿਹਾ ਕਿ ਕਰਿਆਣੇ ਨਾਲ ਸਬੰਧਤ ਵਸਤਾਂ ਦੇ ਭਾਅ ਤੈਅ ਕਰਨ ਤੋਂ ਇਲਾਵਾ ਫਲਾਂ, ਸਬਜ਼ੀਆਂ ਦੇ ਭਾਅ ਰੋਜ਼ਾਨਾ ਪੱਧਰ ’ਤੇ ਤੈਅ ਕੀਤੇ ਜਾਂਦੇ ਹਨ। ਜੇਕਰ ਕੋਈ ਇਸ ਤੋਂ ਵੱਧ ਕੀਮਤ ’ਤੇ ਫਲ ਸਬਜ਼ੀਆਂ ਵੇਚ ਰਿਹਾ ਹੈ ਤਾਂ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਖਰੀਦ ਕਰਤਾ ਈਮੇਲ doortodoorcovid19@gmail.com    ’ਤੇ ਜਾਂ ਵਾਰ ਰੂਮ ਦੇ ਟੈਲੀਫੋਨ ਨੰਬਰ 01679-244300 ’ਤੇ ਸੰਪਰਕ ਕਰੇ।

ਇਸ ਦੇ ਨਾਲ ਹੀ ਉਨਾਂ ਸਪਸ਼ਟ ਕੀਤਾ ਕਿ ਜ਼ਿਲਾ ਪ੍ਰਸ਼ਾਸਨ ਵੱੱਲੋਂ ਜੋ ਮੁਫਤ ਰਾਸ਼ਨ ਵੰਡਿਆ ਜਾ ਰਿਹਾ ਹੈ, ਉਹ ਅਸਲ ਲੋੜਵੰਦਾਂ/ਦਿਹਾੜੀਦਾਰਾਂ ਨੂੰ ਵੰਡਿਆ ਜਾ ਰਿਹਾ ਹੈ। ਜੇਕਰ ਕੋਈ ਅਸਲੋਂ ਲੋੜਵੰਦ ਨਹੀਂ ਹੈ ਤੇ ਉਹ ਰਾਸ਼ਨ ਘਰ ਵਿੱਚ ਨਾ ਹੋਣ ਸਬੰਧਤ ਝੂਠੀ ਜਾਣਕਾਰੀ ਦਿੰਦਾ ਹੈ ਤਾਂ ਉਸ ਵਿਅਕਤੀ ਖਿਲਾਫ ਪੁਲੀਸ ਕਾਰਵਾਈ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਉਨਾਂ ਨੂੰ ਪਿੰਡ ਕਾਲੇਕੇ ਵਿੱਚ ਕੁਝ ਲੋਕਾਂ ਕੋਲ ਰਾਸ਼ਨ ਨਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਉਨਾਂ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਅਗਵਾਈ ਵਿੱਚ ਟੀਮ ਭੇਜੀ ਗਈ ਸੀ ਤਾਂ ਪਾਇਆ ਗਿਆ ਕਿ ਸਬੰਧਤ ਲੋੋਕਾਂ ਕੋਲ ਤਿੰਨ ਤਿੰਨ ਮਹੀਨੇ ਦਾ ਰਾਸ਼ਨ ਮੌਜੂਦ ਹੈ। ਉਨਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ  ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਰੂਹੀ ਦੁੱਗ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਵੀ ਹਾਜ਼ਰ ਸਨ।