ਨਵੀਂ ਦਿੱਲੀ, ਕਰਨਾਟਕ ਨੇ ਅੱਜ ਇੱਥੇ ਫਾਈਨਲ ਵਿੱਚ ਸੌਰਾਸ਼ਟਰ ਨੂੰ 41 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਕੌਮੀ ਇੱਕ ਰੋਜ਼ਾ ਚੈਂਪੀਅਨਸ਼ਿਪ ਜਿੱਤ ਲਈ ਹੈ। ਬਿਹਤਰੀਨ ਪ੍ਰਦਰਸ਼ਨ ਕਰ ਰਹੇ ਮਿਅੰਕ ਅਗਰਵਾਲ ਦੀ ਇੱਕ ਹੋਰ ਸ਼ਾਨਦਾਰ ਪਾਰੀ ਸਾਹਮਣੇ ਚੇਤੇਸ਼ਵਰ ਪੁਜਾਰਾ ਦਾ ਯਤਨ ਫਿੱਕਾ ਪੈ ਗਿਆ ਅਤੇ ਕਰਨਾਟਕ ਤੀਜੀ ਵਾਰ ਚੈਂਪੀਅਨ ਬਣ ਗਿਆ। ਇਸ ਰਣਜੀ ਟਰਾਫੀ ਦੌਰਾਨ ਸਭ ਤੋਂ ਵੱਧ 1160 ਦੌੜਾਂ ਬਣਾਉਣ ਵਾਲੇ 27 ਸਾਲਾ ਬੱਲੇਬਾਜ਼ ਅਗਰਵਾਲ ਨੇ 90 ਦੌੜਾਂ ਦੀ ਮਜ਼ਬੂਤ ਪਾਰੀ ਖੇਡੀ।

ਉਨ੍ਹਾਂ ਤੋਂ ਇਲਾਵਾ ਪਵਨ ਦੇਸ਼ਪਾਂਡੇ ਨੇ 49 ਅਤੇ ਆਰ ਸਮਰਥ ਨੇ 48 ਦੌੜਾਂ ਦਾ ਯੋਗਦਾਨ ਪਾਇਆ ਪਰ ਲਗਾਤਾਰ ਵਿਕਟ ਡਿਗਣ ਕਾਰਨ ਕਰਨਾਟਕ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 45.5 ਓਵਰਾਂ ਵਿੱਚ 253 ਦੌੜਾਂ ’ਤੇ ਢੇਰ ਹੋ ਗਈ। ਸੌਰਾਸ਼ਟਰ ਲਈ ਇਹ ਸਕੋਰ ਹੀ ਪਹਾੜ ਵਰਗਾ ਸਾਬਤ ਹੋਇਆ। ਕਪਤਾਨ ਪੁਜਾਰਾ ਨੇ ਨੌਵੇਂ ਵਿਕਟ ਦੇ ਰੂਪ ਵਿੱਚ ਰਨ ਆਊਟ ਹੋਣ ਤੋਂ ਪਹਿਲਾਂ 94 ਦੌੜਾਂ ਬਣਾਈਆਂ, ਪਰ ਉਨ੍ਹਾਂ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਸੈਮੀ ਫਾਈਨਲਜ਼ ਦੇ ਨਾਇਕ ਰਵਿੰਦਰ ਜਡੇਜਾ ਨੇ ਵੀ ਨਿਰਾਸ਼ ਕੀਤਾ ਅਤੇ ਅਖ਼ੀਰ ਵਿੱਚ ਸੌਰਾਸ਼ਟਰ ਦੀ ਟੀਮ 46.3 ਓਵਰਾਂ ਵਿੱਚ 212 ਦੌੜਾਂ ’ਤੇ ਢੇਰ ਹੋ ਗਈ।
ਕਰਨਾਟਕ ਵੱਲੋਂ ਕ੍ਰਿਸ਼ਨੱਪਾ ਗੌਤਮ ਅਤੇ ਐਮ ਪ੍ਰਸਿੱਧ ਕ੍ਰਿਸ਼ਨਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਕਰਨਾਟਕ ਇਸ ਤਰ੍ਹਾਂ ਤੀਜੀ ਵਾਰ ਵਿਜੇ ਹਜ਼ਾਰੇ ਟਰਾਫੀ ਜਿੱਤਣ ਵਿੱਚ ਸਫਲ ਰਿਹਾ। ਉਸ ਨੇ ਇਸ ਤੋਂ ਪਹਿਲਾਂ (2013-14) ਰੇਲਵੇ ਨੂੰ ਚਾਰ ਵਿਕਟਾਂ ਨਾਲ ਅਤੇ (2014-15) ਪੰਜਾਬ ਨੂੰ 156 ਦੌੜਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।