ਕਰਨਲ ਬਾਠ ਕੁੱਟਮਾਰ ਮਾਮਲੇ ਵਿਚ ਪਰਿਵਾਰ ਲਗਾਤਾਰ ਇਨਸਾਫ ਦੀ ਲੜਾਈ ਲੜ ਰਿਹਾ ਹੈ। ਹੁਣ ਇਸ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖ ਕੇ ਸਸਪੈਂਡ ਕੀਤੇ ਮੁਲਾਜ਼ਮਾਂ ਦੇ ਤਬਾਦਲੇ ਦੀ ਮੰਗ ਕੀਤੀ ਹੈ।

DGP ਤੇ DIG ਪਟਿਆਲਾ ਰੇਂਜ ਦੇ ਨਾਲ ਇਸ ਮੰਗ ਨੂੰ ਲੈ ਕੇ SSP ਪਟਿਆਲਾ ਤੇ ਡਿਪਟੀ ਕਮਿਨਸ਼ਨਰ ਨੂੰ ਵੀ ਚਿੱਠੀ ਭੇਜੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਸਪੈਂਡ ਕੀਤੇ ਮੁਲਾਜ਼ਮਾਂ ਦੇ ਤਬਾਦਲੇ ਪਟਿਆਲਾ ਤੋਂ ਬਾਹਰ ਕੀਤੇ ਜਾਣ। ਜਸਵਿੰਦਰ ਕੌਰ ਨੇ ਚਿੱਠੀ ਵਿਚ ਦਾਅਵਾ ਕੀਤਾ ਹੈ ਕਿ ਇਹ ਸਸਪੈਂਡ ਕੀਤੇ ਮੁਲਾਜ਼ਮ ਪਟਿਆਲਾ ਸ਼ਹਿਰ ਵਿਚ ਹੀ ਘੁੰਮ ਰਹੇ ਹਨ ਤੇ ਇਨ੍ਹਾਂ ਦੀ ਪਟਿਆਲਾ ਦੇ ਅਫਸਰਾਂ ਨਾਲ ਚੰਗੀ ਜਾਣ-ਪਛਾਣ ਹੈ ਇਸ ਲਈ ਇਨ੍ਹਾਂ ਦੀ ਬਦਲੀ ਪਟਿਆਲਾ ਰੇਂਜ ਤੋਂ ਬਾਹਰ ਕੀਤੀ ਜਾਵੇ।
ਦੱਸ ਦੇਈਏ ਕਿ 13 ਮਾਰਚ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਸਿੰਘ ਦੀ ਕੁੱਟਮਾਰ ਦੇ ਮਾਮਲੇ ਵਿਚ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਕੇਸ ਸਮੇਂ ਸਿਰ ਦਰਜ ਨਹੀਂ ਕੀਤਾ ਗਿਆ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਭਖ ਗਿਆ।

ਪਰਿਵਾਰ ਨੇ ਬਾਅਦ ਵਿਚ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ। ਹਾਈਕੋਰਟ ਦੇ ਹੁਕਮਾਂ ਮਗਰੋਂ ਇਹ ਮਾਮਲਾ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਉਸ ਵੱਲੋਂ SIT ਦਾ ਗਠਨ ਕਰ ਦਿੱਤਾ ਗਿਆ ਹੈ। SP ਦੀ ਅਗਵਾਈ ਹੇਠ 4 ਮੈਂਬਰੀ SIT ਬਣਾਈ ਗਈ ਹੈ। DSP, ਇੱਕ ਇੰਸਪੈਕਟਰ ਤੇ ਇੱਕ ਸਬ-ਇੰਸਪੈਕਟਰ SIT ‘ਚ ਸ਼ਾਮਲ ਹੋਣਗੇ।
ਕਰਨਲ ਬਾਠ ਦੀ ਪਤਨੀ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੀ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਇਨਸਾਫ ਮਿਲਣ ਦਾ ਭਰੋਸਾ ਦਿੱਤਾ। ਦੂਜੇ ਪਾਸੇ ਅੱਜ 11 ਅਪ੍ਰੈਲ ਨੂੰ ਇਸ ਮਾਮਲੇ ਵਿਚ ਨਾਮਜ਼ਦ ਇੰਸਪੈਕਟਰ ਦੀ ਸੁਣਵਾਈ ਵੀ ਹੋਣ ਵਾਲੀ ਹੈ।