ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਦਿਨ ਪਹਿਲਾਂ ਭਾਵੇਂ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਤਿਆਗਣ ਦਾ ਸੱਦਾ ਦਿੱਤਾ ਹੈ, ਪਰ ਇਸ ਦੇ ਬਾਵਜੂਦ ਆਜ਼ਾਦੀ ਦਿਹਾੜੇ ਮੌਕੇ ਕਰਜ਼ੇ ਦੇ ਸਤਾਏ ਪੰਜ ਕਿਸਾਨਾਂ ਨੇ ਖੁ਼ਦਕੁਸ਼ੀ ਕਰ ਲਈ।
ਤਲਵੰਡੀ ਸਾਬੋ(ਪੱਤਰ ਪ੍ਰੇਰਕ): ਸਬ ਡਿਵੀਜ਼ਨ ਦੇ ਪਿੰਡ ਮਿਰਜੇਆਣਾ ਦੇ ਕਿਸਾਨ ਚੰਦ ਸਿੰਘ (60) ਪੁੱਤਰ ਸੰਤ ਰਾਮ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁ਼ਦਕੁਸ਼ੀ ਕਰ ਲਈ। ਕਿਸਾਨ ਆਪਣੇ ਦੋ ਪੁੱਤਰਾਂ ਤੋਂ ਵੱਖ ਰਹਿ ਕੇ ਆਪਣੀ ਛੇ ਏਕੜ ਜ਼ਮੀਨ ਵਿੱਚ ਖੇਤੀ ਕਰਦਾ ਸੀ। ਉਸ ਦੇ ਸਿਰ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਇਸ ਦੌਰਾਨ ਪਿੰਡ ਲਹਿਰੀ ਦੇ ਦਲਿਤ ਪਰਿਵਾਰ ਨਾਲ ਸਬੰਧਤ ਜਗਤਾਰ ਸਿੰਘ (42) ਪੁੱਤਰ ਹਰਨੇਕ ਸਿੰਘ ਨੇ ਘਰ ਵਿੱਚ ਹੀ ਕੀਟਨਾਸ਼ਕ ਦਵਾਈ ਪੀ ਕੇ ਖੁ਼ਦਕੁਸ਼ੀ ਕਰ ਲਈ। ਉਹ ਘਰ ਦੀ ਆਰਥਿਕ ਹਾਲਤ ਤੇ ਆਪਣੀਆਂ ਦੋ ਧੀਆਂ ਦੇ ਵਿਆਹ ਨੂੰ ਲੈ ਕੇ ਫਿਕਰਮੰਦ ਸੀ।