ਮਾਨਸਾ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਕੀਤੇ ਵਾਅਦੇ ਮੁਤਾਬਕ ਅੱਜ ਜ਼ਿਲ੍ਹਾ ਮਾਨਸਾ ਦੇ ਕਰੀਬ 6000 ਹੋਰ ਕਿਸਾਨਾਂ ਦਾ 22 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਉਹ ਇੱਥੇ ਕਰਜ਼ਾ ਰਾਹਤ ਸਕੀਮ ਸਬੰਧੀ ਕਰਵਾਏ ਸਮਾਗਮ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਕਰਜ਼ਾ ਮੁਆਫ਼ੀ ਦੇ ਦੂਜੇ ਪੜਾਅ ਦੀ ਰਸਮੀ ਸ਼ੁਰੂਆਤ ਕਰਦਿਆਂ ਉਨ੍ਹਾਂ 10 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਪ੍ਰਮਾਣ ਪੱਤਰ ਦਿੱਤੇ।
ਇਹ ਸਮਾਗਮ ਸਰਕਾਰੀ ਨਾ ਹੋ ਕੇ ਰਾਜਸੀ ਹੋ ਨਿਬੜਿਆ। ਕਰਜ਼ਾ ਮੁਆਫ਼ੀ ਦੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮਾਨਸਾ ਜ਼ਿਲ੍ਹੇ ਵਿਚਲੇ ਤਿੰਨੋਂ ਵਿਧਾਇਕਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਸੱਦਾ-ਪੱਤਰ ਨਹੀਂ ਭੇਜਿਆ ਗਿਆ। ਇਸ ਜ਼ਿਲ੍ਹੇ ਵਿੱਚ ਸਰਦੂਲਗੜ੍ਹ ਤੋਂ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਮਾਨਸਾ ਅਤੇ ਬੁਢਲਾਡਾ ਤੋਂ ‘ਆਪ’ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਪ੍ਰਿੰਸੀਪਲ ਬੁੱਧ ਰਾਮ ਕੋਈ ਬੁਲਾਵਾ ਨਾ ਮਿਲਣ ਕਾਰਨ ਸਮਾਗਮ ਵਿੱਚ ਨਹੀਂ ਪੁੱਜ ਸਕੇ। ਸ੍ਰੀ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਸੱਦਿਆ ਜਾਂਦਾ ਤਾਂ ਉਹ ਪਾਰਟੀ ਹਿੱਤਾਂ ਤੋਂ ਉਪਰ ਉੱਠ ਕੇ ਕਿਸਾਨ ਭਲਾਈ ਲਈ ਜ਼ਰੂਰ ਸਮਾਗਮ ਵਿੱਚ ਪੁੱਜ ਕੇ ਡੁੱਬਦੀ ਕਿਸਾਨੀ ਨੂੰ ਬਚਾਉਣ ਲਈ ਆਪਣੇ ਸੁਝਾਅ ਦਿੰਦੇ।
ਵਿੱਤ ਮੰਤਰੀ ਸ੍ਰੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਰਜ਼ਾ ਰਾਹਤ ਸਕੀਮ ਤਹਿਤ 4000 ਕਰੋੜ ਰੁਪਏ ਕੋਆਪ੍ਰੇਟਿਵ ਬੈਂਕ ਦੇ ਅਦਾਰਿਆਂ ਦੀ ਕਰਜ਼ਾ ਮੁਆਫ਼ੀ ਅਤੇ 6000 ਕਰੋੜ ਰੁਪਏ ਨੈਸ਼ਨਲਾਈਜ਼ ਬੈਂਕ ਜਾਂ ਪ੍ਰਾਈਵੇਟ ਬੈਂਕਾਂ ਦਾ ਜੋ ਕਰਜ਼ਾ ਕਿਸਾਨਾਂ ਸਿਰ ਹੈ, ਉਹ ਮੁਆਫ਼ ਕੀਤਾ ਜਾਵੇਗਾ। ਇਹ ਸਾਰੀ ਪ੍ਰਕਿਰਿਆ ਸਤੰਬਰ 2018 ਤੱਕ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੇ ਇੱਕ ਸਾਲ ਦੇ ਵਕਫ਼ੇ ਅੰਦਰ ਸਰਕਾਰੀ ਖ਼ਜ਼ਾਨੇ ਦੀ ਆਮਦਨ ਵਿੱਚ ਵਾਧਾ ਹੋਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਅਨੁਸੂਚਿਤ ਜਾਤੀ ਦੇ ਖੇਤ ਮਜ਼ਦੂਰਾਂ, ਜਿਨ੍ਹਾਂ ਨੇ ਐੱਸਸੀ. ਕਾਰਪੋਰੇਸ਼ਨ ਤੋਂ ਕਰਜ਼ਾ ਲਿਆ ਹੈ, ਦਾ ਵੀ 50 ਹਜ਼ਾਰ ਤੱਕ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਪਿਛਲੇ ਦਿਨੀਂ ਕਈ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗਣ ਕਾਰਨ ਨੁਕਸਾਨ ਹੋਇਆ ਹੈ ਅਤੇ ਪੰਜਾਬ ਸਰਕਾਰ 15 ਦਿਨਾਂ ਦੇ ਅੰਦਰ-ਅੰਦਰ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਨੇਤਾ ਅਜੀਤਇੰਦਰ ਸਿੰਘ ਮੋਫਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਬਿਕਰਮਜੀਤ ਸਿੰਘ ਮੋਫਰ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈਕੇ, ਡਾ. ਮੰਜੂ ਬਾਂਸਲ, ਗੁਰਪ੍ਰੀਤ ਕੌਰ ਗਾਗੋਵਾਲ, ਸਤਪਾਲ ਵਰਮਾ, ਅਮਰੀਕ ਸਿੰਘ ਢਿੱਲੋਂ, ਬਲਵਿੰਦਰ ਨਾਰੰਗ, ਮਨਜੀਤ ਸਿੰਘ ਝੱਲਬੂਟੀ, ਕਰਮ ਸਿੰਘ ਚੌਹਾਨ, ਜੀਵਨ ਦਾਸ ਬਾਵਾ, ਸੁਖਦਰਸ਼ਨ ਸਿੰਘ ਖਾਰਾ ਵੀ ਮੌਜੂਦ ਸਨ।