ਚੰਡੀਗੜ੍ਹ -ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਵਿਧਾਨ ਸਭਾ ਦੇ ਬਾਹਰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਖਬੀਰ ਬਾਦਲ `ਤੇ ਦੋਸ਼ ਲਾਇਆ ਕਿ ਉਹ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਤੇ ਹੋ ਰਹੀ ਬਹਿਸ ਤੋਂ ਆਮ ਜਨਤਾ ਦਾ ਧਿਆਨ ਲਾਂਭੇ ਕਰਨ ਲਈ ਸਿਆਸੀ ਆਗੂਆਂ ਦੇ ਕਾਲ-ਵੇਰਵੇ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ।

ਸ੍ਰੀ ਖਹਿਰਾ ਨੇ ਆਪਣੇ ਇੱਕ ਟਵੀਟ `ਚ ਵੀ ਦੋਸ਼ ਲਾਇਆ ਕਿ ਸੁਖਬੀਰ ਬਾਦਲ ਹੁਣ ਉਸ ਰਿਪੋਰਟ ਨੂੰ ਆਪਣੇ ਪੈਰਾਂ ਨਾਲ ਰੋਲ਼ ਰਹੇ ਹਨ, ਜਿਸ ਵਿੱਚ ਕਈ ਵਾਰ ਸ਼ਬਦ ‘ਸ੍ਰੀ ਗੁਰੂ ਗ੍ਰੰਥ ਸਾਹਿਬ` ਲਿਖਿਆ ਹੋਇਆ ਹੈ। ਇੱਥੋਂ ਉਨ੍ਹਾਂ ਦੀਆਂ ਪੰਥਕ ਕਦਰਾਂ-ਕੀਮਤਾਂ ਦਾ ਪਤਾ ਚੱਲਦਾ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਆਪਣੇ ਅਜਿਹੇ ਹੋਰ ਜਾਅਲੀ ਸਬੂਤਾਂ ਤੇ ਤੱਥਾਂ ਦੇ ਆਧਾਰ `ਤੇ ਹੀ ਸੁਖਬੀਰ ਬਾਦਲ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ‘ਆਈਐੱਸਆਈ ਏਜੰਟ` ਤੱਕ ਦੱਸਿਆ।
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਅਕਾਲੀ ਆਗੂ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦੀਆਂ ਗੱਲਾਂ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਰਿਪੋਰਟ ਦੀ ਬੇਅਦਬੀ ਦਾ ਕੇਸ ਅਕਾਲੀਆਂ `ਤੇ ਪਾਉਣਾ ਚਾਹੀਦਾ ਹੈ ਕਿਉਂਕਿ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਦੇ ਮੁਕੰਮਲ ਵੇਰਵੇ ਦਰਜ ਹਨ। ਸਦਨ ਨੇ ਉਸ ਸਬੰਧੀ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।