ਪਠਾਨਕੋਟ, ਕਠੂਆ ਜਬਰ-ਜਨਾਹ ਅਤੇ ਹੱਤਿਆ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਜ਼ਿਲ੍ਹਾ ਸੈਸ਼ਨ ਜੱਜ ਨੇ ਜੇਲ੍ਹ ਸੁਪਰਡੈਂਟ ਨੂੰ ਮੁਲਜ਼ਮਾਂ ਦੀ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਇਸ ਦੌਰਾਨ ਅੱਜ ਚੌਥੇ ਦਿਨ ਪਹਿਲੇ ਗਵਾਹ ਦੇ ਬਿਆਨਾਂ ’ਤੇ ਚੱਲ ਰਹੀ ਜਿਰ੍ਹਾ ਮੁਕੰਮਲ ਹੋ ਗਈ। ਉਂਜ ਅੱਜ ਸੁਣਵਾਈ ਦੌਰਾਨ ਸੱਤਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਪਹਿਰੇ ਹੇਠ ਅਦਾਲਤ ਵਿੱਚ ਲਿਆਂਦਾ ਗਿਆ, ਜਿੱਥੇ ਸ਼ਾਮ ਚਾਰ ਵਜੇ ਤੱਕ ਜਿਰ੍ਹਾ ਚਲਦੀ ਰਹੀ।
ਬਚਾਅ ਪੱਖ ਦੇ ਵਕੀਲ ਏ.ਕੇ ਸਾਹਨੀ ਨੇ ਦੱਸਿਆ ਕਿ ਅੱਜ ਕਠੂਆ ਜੇਲ੍ਹ ਦੇ ਸੁਪਰਡੈਂਟ ਮੁਸ਼ਤਾਕ ਅਹਿਮਦ ਮੱਲ੍ਹਾ ਅਦਾਲਤ ਅੰਦਰ ਪੇਸ਼ ਹੋਏ ਅਤੇ ਉਨ੍ਹਾਂ ਨੂੰ ਸੈਸ਼ਨ ਜੱਜ ਨੇ ਹਦਾਇਤ ਕੀਤੀ ਕਿ ਮੁਲਜ਼ਮਾਂ ਦੇ ਪਰਿਵਾਰਾਂ ਦੀ ਮੁਲਾਕਾਤ ਕਰਵਾਉਣ ਦਾ ਬੰਦੋਬਸਤ ਕੀਤਾ ਜਾਵੇ। ਜੱਜ ਨੇ ਜੇਲ੍ਹ ਸੁਪਰਡੈਂਟ ਨੂੰ ਨਿਰਦੇਸ਼ ਦਿੱਤਾ ਕਿ ਪਰਿਵਾਰਾਂ ਦੀ ਸਵੇਰੇ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਮੁਲਜ਼ਮਾਂ ਨਾਲ ਕਠੂਆ ਜੇਲ੍ਹ ਵਿੱਚ ਮੁਲਾਕਾਤ ਕਰਵਾਈ ਜਾਵੇ। ਯਾਦ ਰਹੇ ਕਿ ਬੀਤੇ ਦਿਨ ਇਕ ਮੁਲਜ਼ਮ ਦੇ ਪਰਿਵਾਰ ਨੇ ਅਦਾਲਤ ਵਿੱਚ ਦਰਖਾਸਤ ਦਿੱਤੀ ਸੀ ਕਿ ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਉਸ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਇਹੀ ਹਾਲ ਬਾਕੀ ਮੁਲਜ਼ਮਾਂ ਦਾ ਹੈ। ਇਸ ਦੌਰਾਨ ਸ਼੍ਰੀ ਸਾਹਨੀ ਨੇ ਕਿਹਾ ਕਿ ਪ੍ਰੋਸੀਕਿਊਸ਼ਨ ਵੱਲੋਂ ਅੱਜ ਜਿਹੜੀ ਚਾਰਜਸ਼ੀਟ ਦੀ ਚੌਥੀ ਟਰਾਂਸਲੇਸ਼ਨ ਵਾਲੀ ਕਾਪੀ ਪੇਸ਼ ਕੀਤੀ ਗਈ ਹੈ, ਉਹ ਤਰੁਟੀਪੂਰਨ ਸੀ। ਉਨ੍ਹਾਂ ਕਿਹਾ ਕਿ ਪਹਿਲੀ ਤੋਂ ਲੈ ਕੇ ਚੌਥੀ ਕਾਪੀ ਤੱਕ ਸਾਰੀਆਂ ਹੀ ਕਾਪੀਆਂ ਵਿੱਚ ਤਰੁੱਟੀਆਂ ਪਾਈਆਂ ਗਈਆਂ। ਉਨ੍ਹਾਂ ਦੇ ਇਸ ਇਤਰਾਜ਼ ਮਗਰੋਂ ਸੈਸ਼ਨ ਜੱਜ ਨੇ ਪ੍ਰੋਸੀਕਿਊਸ਼ਨ ਦੇ ਵਕੀਲ ਨੂੰ ਭਲਕੇ ਉਰਦੂ ਭਾਸ਼ਾ ਤੋਂ ਅੰਗਰੇਜ਼ੀ ਭਾਸ਼ਾ ਵਿੱਚ ਸਹੀ ਅਨੁਵਾਦ ਵਾਲੀਆਂ ਕਾਪੀਆਂ ਪੇਸ਼ ਕਰਨ ਲਈ ਕਿਹਾ ਹੈ।