ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਇਸ ਲਈ ਲਾਂਭੇ ਕੀਤਾ ਹੈ ਕਿਉਂਕਿ ਉਸ ਨੂੰ ਭਿਣਕ ਪੈ ਗਈ ਸੀ ਕਿ ਖਹਿਰਾ ਆਪਣੇ ਰਿਸ਼ਤੇਦਾਰ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਰਾਹੀਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ `ਚ ਪਾਰਟੀ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਖਹਿਰਾ ਨੂੰ ਅਹੁਦੇ ਤੋਂ ਲਾਂਭੇ ਕਰਨਾ ਭਾਵੇਂ ਆਮ ਆਦਮੀ ਪਾਰਟੀ ਦਾ ਆਪਣੀ ਅੰਦਰੂਨੀ ਮਾਮਲਾ ਹੈ ਪਰ ਪਾਰਟੀ ਨੇ ਅਜਿਹਾ ਫ਼ੈਸਲਾ ਇਹ ਮਹਿਸੂਸ ਕਰਨ ਤੋਂ ਬਾਅਦ ਲਿਆ ਸੀ ਕਿ ਖਹਿਰਾ ਵਿਧਾਇਕ ਪਾਰਟੀ ਤੋੜਨ ਦਾ ਜਤਨ ਕਰ ਰਹੇ ਸਨ ਤੇ ਪਾਰਟੀ ਵਿਧਾਇਕਾਂ ਦਾ ਇੱਕ ਵੱਡਾ ਹਿੱਸਾ ਆਪਣੇ ਨਾਲ ਕਾਂਗਰਸ ਪਾਰਟੀ `ਚ ਲਿਜਾਣਾ ਚਾਹੁੰਦੇ ਸਨ।
ਅਕਾਲੀ ਦਲ ਦੇ ਤਰਜਮਾਨ ਨੇ ਅੱਗੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਲਈ ਇਹ ਮੰਦਭਾਗੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਉਸ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਖਹਿਰਾ ਨੂੰ ਪਾਰਟੀ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਫ਼ੈਸਲਾ ਉਦੋਂ ਲਿਆ, ਜਦੋਂ ਉਹ ਉਨ੍ਹਾਂ ਦੀ ਸਰਦਾਰੀ ਨੂੰ ਖ਼ਤਰਾ ਬਣ ਚੱਲੇ ਸਨ ਪਰ ਅਜਿਹਾ ਉਦੋਂ ਨਹੀਂ ਲਿਆ ਗਿਆ, ਜਦੋਂ ਖਹਿਰਾ ‘ਰਾਇਸ਼ੁਮਾਰੀ 2020` ਦੇ ਮਾਮਲੇ ਦਾ ਸਮਰਥਨ ਕਰ ਕੇ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਬਣ ਗਏ ਸਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਖਹਿਰਾ ਖਿ਼ਲਾਫ਼ ਉਦੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਸੀ, ਜਦੋਂ ਉਨ੍ਹਾਂਾ ਨੂੰ ਫ਼ਾਜਿ਼ਲਕਾ ਦੀ ਇੱਕ ਅਦਾਲਤ ਨੇ ਇੱਕ ਮੁਲਜ਼ਮ ਵਜੋਂ ਸੰਮਨ ਭੇਜੇ ਸਨ। ਉਹ ਮਾਮਲਾ ਕੌਮਾਂਤਰੀ ਡ੍ਰੱਗ ਮਾਮਲੇ ਦਾ ਸੀ, ਜਿਸ ਵਿੱਚ ਉਨ੍ਹਾਂ ਦੇ ਸਹਿ-ਮੁਲਜ਼ਮ ਨੂੰ 20 ਸਾਲ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।
ਅਕਾਲੀ ਦਲ ਨੇ ਇਹ ਵੀ ਕਿਹਾ ਹੈ,‘‘ਇੰਝ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਲਈ ਭਾਰਤ ਦੀ ਏਕਤਾ ਤੇ ਅਖੰਡਤਾ ਬਹੁਤੀ ਅਹਿਮ ਨਹੀਂ ਹੈ ਪਰ ਡਾਲਰ ਤੇ ਪੌਂਡਾਂ ਵਿੱਚ ਆਉਣ ਵਾਲੀ ਫ਼ੰਡਿੰਗ ਵਧੇਰੇ ਮਹੱਤਵਪੂਰਨ ਹੈ। ਖਹਿਰਾ ਜਦੋਂ ਪਾਕਿਸਤਾਨ ਦੀ ਆਈਐੱਸਆਈ ਨਾਲ ਕਥਿਤ ਤੌਰ `ਤੇ ਜੁੜੇ ਹੋਏ ਗੁਰਪਤਵੰਤ ਸਿੰਘ ਪੰਨੂੰ ਵਰਗੀ ਬੋਲੀ ਬੋਲ ਰਹੇ ਸਨ ਅਤੇ 2020-ਰਾਇਸ਼ੁਮਾਰੀ ਦੀ ਹਮਾਇਤ ਕਰ ਰਹੇ ਸਨ, ਤਦ ਵੀ ਕੇਜਰੀਵਾਲ ਨੇ ਖਹਿਰਾ ਨੂੰ ਅਹੁਦੇ ਤੋਂ ਲਾਂਭੇ ਨਹੀਂ ਕੀਤਾ ਸੀ।“
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਖਹਿਰਾ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਬਹੁਤ ਦੇਰੀ ਨਾਲ ਲਿਆ ਗਿਆ ਹੈ ਤੇ ਇਸ ਨਾਲ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਨੂੰ ਨੈਤਿਕਤਾਵਾਂ ਦਾ ਇੰਨਾ ਖਿ਼ਆਲ ਹੈ, ਤਾਂ ਉਸ ਨੂੰ ਖਹਿਰਾ ਨੂੰ ਉਦੋਂ ਬਰਤਰਫ਼ ਕਰਨਾ ਚਾਹੀਦਾ ਸੀ, ਜਦੋਂ ਉਨ੍ਹਾਂ `ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਪਾਰਟੀ ਆਗੂਆਂ ਤੋਂ ਧਨ ਦੇ ਪੈਕੇਟ ਲੈਣ ਦੇ ਦੋਸ਼ ਲੱਗੇ ਸਨ।