ਮੋਗਾ, ਇੱਥੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਔਰਬਿਟ ਕਾਂਡ ਦੀ ਚਸ਼ਮਦੀਦ ਗਵਾਹ ਤੇ ਮ੍ਰਿਤਕ ਲੜਕੀ ਦੀ ਮਾਂ ਛਿੰਦਰ ਕੌਰ ਤੇ ਉਸ ਦੇ ਪੁੱਤਰ ਅਕਾਸ਼ਦੀਪ ਨੂੰ 10 ਅਗਸਤ ਨੂੰ ਹੁਕਮ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਅੱਜ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਨੇ ਅਗਲੀ ਸੁਣਵਾਈ 25 ਅਕਤੂਬਰ ਲਈ ਮੁਕੱਰਰ ਕੀਤੀ ਹੈ।
ਥਾਣਾ ਬਾਘਾਪੁਰਾਣਾ ਵਿੱਚ ਤਕਰੀਬਨ ਢਾਈ ਵਰ੍ਹੇ ਪਹਿਲਾਂ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਬੱਸ ਵਿੱਚ ਛੇੜਛਾੜ ਤੋਂ ਬਾਅਦ ਨਾਬਾਲਗ਼ ਦਲਿਤ ਲੜਕੀ ਅਰਸ਼ਦੀਪ ਕੌਰ ਵਾਸੀ ਪਿੰਡ ਲੰਢੇਕੇ ਨੂੰ ਕਥਿਤ ਤੌਰ ’ਤੇ ਥੱਲੇ ਸੁੱਟ ਕੇ ਮਾਰਨ ਦੇ ਦੋਸ਼ਾਂ ਹੇਠ ਬੱਸ ਚਾਲਕ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਨਾਮਜ਼ਦ ਚਾਰੇ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ 17 ਜੁਲਾਈ ਨੂੰ ਬਰੀ ਕਰ ਦਿੱਤਾ ਸੀ। ਇਸ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਈ ਮ੍ਰਿਤਕਾ ਦੀ ਮਾਂ ਛਿੰਦਰ ਕੌਰ ਅਤੇ ਮ੍ਰਿਤਕਾ ਦਾ ਨਾਬਾਲਗ਼ ਭਰਾ ਅਕਾਸ਼ਦੀਪ ਸਿੰਘ ਚਸ਼ਮਦੀਦ ਗਵਾਹ ਸਨ। ਅਦਾਲਤ ਵਿੱਚ ਸੁਣਵਾਈ ਦੌਰਾਨ ਮ੍ਰਿਤਕਾ ਦਾ ਪਿਤਾ ਸੁਖਦੇਵ ਸਿੰਘ ਤੇ ਉਸ ਦੀ ਪਤਨੀ ਛਿੰਦਰ ਕੌਰ ਪੁਲੀਸ ਕੋਲ ਦਿੱਤੇ ਬਿਆਨਾਂ ਤੋਂ ਪਲਟ ਗਏ ਸਨ। ਬਿਆਨਾਂ ਤੋਂ ਪਲਟਣ ਦੇ ਮਾਮਲੇ ਵਿੱਚ ਅਦਾਲਤ ਨੇ ਮਾਂ-ਪੁੱਤ ਨੂੰ ਅੱਜ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਏ।