ਅੰਮ੍ਰਿਤਸਰ, 19 ਅਪਰੈਲ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਡਾ. ਫਾਰੂਕ ਅਬਦੁੱਲਾ ਨੇ ਆਖਿਆ ਕਿ ਕਸ਼ਮੀਰ ਵਿੱਚ ਹਾਲਾਤ ਠੀਕ ਕਰਨ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਦੁਵੱਲੀ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਸਾਰੇ ਮਸਲੇ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਰਿਆਸਤ ਵਿੱਚ ਔਰਤਾਂ ਨਾਲ ਜਬਰ-ਜਨਾਹ ਅਤੇ ਵਧੀਕੀਆਂ ਰੋਕਣ ਲਈ ਮੌਤ ਦੀ ਸਜ਼ਾ ਵਾਲਾ ਸਖ਼ਤ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ। ਉਹ ਅੱਜ ਇੱਥੇ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਏ ਸਨ।
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਠੂਆ ਕਾਂਡ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਹਿੰਦੂ ਧਰਮ ਵਿੱਚ ਕੁੜੀਆਂ ਨੂੰ ਦੇਵੀ ਜਾਂ ਮਾਤਾ ਦਾ ਰੂਪ ਮੰਨਿਆ ਜਾਂਦਾ ਹੈ ਪਰ ਇਹ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਹੈ। ਉਨ੍ਹਾਂ ਆਖਿਆ ਕਿ ਸਖ਼ਤ ਕਾਨੂੰਨ ਦੀ ਘਾਟ ਕਾਰਨ ਵੀ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸੂਬੇ ਦੀ ਵਿਧਾਨ ਸਭਾ ਵਿੱਚ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਵਕਾਲਤ ਕੀਤੀ ਕਿ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਨੈਸ਼ਨਲ ਕਾਨਫਰੰਸ ਦੇ ਆਗੂ ਸ੍ਰੀ ਅਬਦੁੱਲਾ ਨੇ ਆਖਿਆ ਕਿ ਜੰਮੂ-ਕਸ਼ਮੀਰ ਰਿਆਸਤ ਵਿੱਚ ਅਤਿਵਾਦ ਕਾਰਨ ਆਰਥਿਕ ਮੰਦਹਾਲੀ ਅਤੇ ਬਦਹਾਲੀ ਵਧ ਰਹੀ ਹੈ। ਇਸ ਲਈ ਕੇਂਦਰ ਸਰਕਾਰ ਸੂਬੇ ਦੇ ਵਿਕਾਸ ਲਈ 80 ਹਜ਼ਾਰ ਕਰੋੜ ਰੁਪਏ ਦੇਣ ਦੇ ਕੀਤੇ ਵਾਅਦੇ ਨੂੰ ਪੂਰਾ ਕਰੇ ਅਤੇ ਇਸ ਪ੍ਰਕਿਰਿਆ ਵਿੱਚ ਗਤੀ ਲਿਆਂਦੀ ਜਾਵੇ। ਉਨ੍ਹਾਂ ਆਖਿਆ ਕਿ ਰਿਆਸਤ ਵਿੱਚ ਅਤਿਵਾਦ ਕਾਰਨ ਇਕੋ-ਇਕ ਆਮਦਨ ਦੇ ਸਾਧਨ ਸੈਰ-ਸਪਾਟੇ ਦਾ ਮਾੜਾ ਹਾਲ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨਾਲ ਸ਼ਾਂਤਮਈ ਢੰਗ ਨਾਲ ਗੱਲਬਾਤ ਸ਼ੁਰੂ ਕਰੇ। ਅਮਰਨਾਥ ਯਾਤਰਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਯਾਤਰਾ ਰਿਆਸਤ ਦੇ ਲੋਕਾਂ ਲਈ ਲਾਹੇਵੰਦ ਹੈ, ਇਸ ਲਈ ਕੋਈ ਵੀ ਵਿਰੋਧ ਨਹੀਂ ਕਰੇਗਾ। ਜਿੰਨੇ ਵੱਧ ਤੋਂ ਵੱਧ ਯਾਤਰੂ ਆਉਣਗੇ, ਓਨਾ ਹੀ ਰਿਆਸਤ ਦੇ ਲੋਕਾਂ ਨੂੰ ਕੰਮ ਮਿਲੇਗਾ। 2019 ਦੀਆਂ ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਆਖਿਆ ਕਿ ਇਹ ਚੋਣਾਂ ਦੇਸ਼ ਦੇ ਵਿਕਾਸ, ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਅਨੇਕਤਾ ਵਿੱਚ ਏਕਤਾ ਦੇ ਮੁੱਦੇ ’ਤੇ ਲੜੀਆਂ ਜਾਣੀਆਂ ਚਾਹੀਦੀਆਂ ਹਨ ਨਾ ਕਿ ਧਰਮਾਂ ਵਿੱਚ ਵਖਰੇਵੇਂ ਪੈਦਾ ਕਰਨ ਲਈ। ਸ੍ਰੀਨਗਰ ਵਿੱਚ ਫੌਜ ’ਤੇ ਪੱਥਰ ਸੁੱਟੇ ਜਾਣ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਜਵਾਬ ਦੇਣ ਤੋਂ ਟਾਲਾ ਵੱਟਿਆ।
ਲਕਸ਼ਮੀ ਕਾਂਤਾ ਨੇ ਅਬਦੁੱਲਾ ’ਤੇ ਉਠਾਏ ਸੁਆਲ
ਭਾਜਪਾ ਦੀ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਆਖਿਆ ਕਿ ਡਾ. ਫਾਰੂਕ ਅਬਦੁੱਲਾ ਨੂੰ ਕਠੂਆ ਪੀੜਤ ਬਾਲੜੀ ਦੀ ਚਿੰਤਾ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਹ ਪੂਰੇ ਦੇਸ਼ ਦੀ ਬੇਟੀ ਹੈ। ਉਨ੍ਹਾਂ ਆਖਿਆ ਕਿ 1990 ਵਿੱਚ ਜਦੋਂ ਅਤਿਵਾਦੀਆਂ ਤੇ ਵੱਖਵਾਦੀਆਂ ਵੱਲੋਂ ਕਸ਼ਮੀਰ ਵਿੱਚ ਔਰਤਾਂ ਦੀ ਇੱਜ਼ਤ ਨਿਲਾਮ ਕੀਤੀ ਜਾ ਰਹੀ ਸੀ, ਉਸ ਵੇਲੇ ਉਨ੍ਹਾਂ ਦਾ ਦਿਲ ਕਿਉਂ ਨਹੀਂ ਪਸੀਜਿਆ ਜਦੋਂਕਿ ਉਸ ਵੇਲੇ ਉਨ੍ਹਾਂ ਦੀ ਇਹ ਡਿਊਟੀ ਸੀ। ਉਨ੍ਹਾਂ ਆਖਿਆ ਕਿ ਕਠੂਆ ਪੀੜਤ ਦੀ ਚਿੰਤਾ ਉਹ ਇਸ ਲਈ ਕਰ ਰਹੇ ਹਨ ਕਿਉਂਕਿ ਇਹ ਕੁੜੀ ਉਨ੍ਹਾਂ ਦੇ ਮਜ਼੍ਹਬ ਨਾਲ ਜੁੜੀ ਹੋਈ ਹੈ।