ਚੰਡੀਗੜ੍ਹ, ਸਾਬਕਾ ਉਪ ਰਾਸ਼ਟਰਪਤੀ ਮੁਹੰਮਦ ਹਾਮਿਦ ਅਨਸਾਰੀ ਨੇ ਇੱਥੇ ਅਸਿੱਧੇ ਢੰਗ ਨਾਲ ਹੁਕਮਰਾਨਾਂ ਅਤੇ ਹਮਾਇਤੀ ਜਥੇਬੰਦੀਆਂ ’ਤੇ ਸ਼ਬਦੀ ਹੱਲੇ ਕਰਦਿਆਂ ਭਾਰਤੀ ਸੱਭਿਆਚਾਰ ਤੇ ਇਤਿਹਾਸ ਨਾਲ ਹੋ ਰਹੀ ਛੇੜਛਾੜ ਨੂੰ ਬੇਪਰਦ ਕੀਤਾ।
ਉਨ੍ਹਾਂ ਆਖਿਆ ਕਿ ਅੱਜ ਭਾਰਤ ਵਾਸੀ ਔਖੇ ਵੇਲਿਆਂ ’ਚੋਂ ਲੰਘ ਰਹੇ ਹਨ, ਜਿੱਥੇ ਉਦਾਰਵਾਦੀ ਕੌਮਪ੍ਰਸਤੀ ਦੇ ਸਿਧਾਤਾਂ ਅਤੇ ਕਦਰਾਂ ਦੀ ਥਾਂ ਗ਼ੈਰਉਦਾਰਵਾਦੀ ਸਿਧਾਂਤ ਅਤੇ ਰੀਤਾਂ ਥੋਪੀਆਂ ਜਾ ਰਹੀਆਂ ਹਨ। ਭਾਰਤੀ ਸੱਭਿਆਚਾਰ ਅਤੇ ਸਭਿਅਤਾ ਦਾ ਸਰੂਪ ਬਦਲਿਆ ਜਾ ਰਿਹਾ ਹੈ। ਸ੍ਰੀ ਅੰਸਾਰੀ ਨੇ ਆਖਿਆ ਕਿ ਗ਼ੈਰਉਦਾਰਵਾਦੀ ਕੌਮਪ੍ਰਸਤੀ ਕਾਰਨ ਵਿਅਕਤੀਗਤ ਆਜ਼ਾਦੀ ’ਤੇ ਅਸਰ ਪੈ ਰਿਹਾ ਹੈ, ਜਿਹੜੀ ਸੰਵਿਧਾਨ ਨੇ ਯਕੀਨੀ ਬਣਾਈ ਹੈ। ਉਹ ਅੱਜ ਇੱਥੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਕੌਮਪ੍ਰਸਤੀ ਅਤੇ ਸਾਹਿਤ’ ਵਿਸ਼ੇ ’ਤੇ ਕਰਵਾਏ ਜਾ ਰਹੇ ਦੋ ਰੋਜ਼ਾ ਸੈਮੀਨਾਰ ਮੌਕੇ ਸੰਬੋਧਨ ਕਰ ਰਹੇ ਸਨ।
ਭਾਰਤ ਦੀ ਕੌਮੀ ਪਛਾਣ ਬਾਰੇ ਉਨ੍ਹਾਂ ਕਿਹਾ ਕਿ ਮਾਨਵ ਵਿਗਿਆਨ ਸਰਵੇਖਣ ਮੁਤਾਬਕ ਦੇਸ਼ ’ਚ 4,635 ਭਾਈਚਾਰੇ ਵੱਸਦੇ ਹਨ, ਜਿਹੜੇ ਪਹਿਰਾਵੇ, ਖਾਣ-ਪੀਣ, ਪਾਠ-ਪੂਜਾ, ਖਿੱਤੇ ਅਤੇ ਹੋਰ ਕਈ ਗੱਲਾਂ ਕਾਰਨ ਵੱਖੋ-ਵੱਖ ਹਨ। ਦੇਸ਼ ਦੇ ਸੰਵਿਧਾਨ ’ਚ 22 ਭਾਸ਼ਾਵਾਂ ਦਰਜ ਹਨ ਪਰ ਸੰਵਿਧਾਨ ਵੱਲੋਂ ਮਾਨਤਾ ਪ੍ਰਾਪਤ ਭਾਸ਼ਾਵਾਂ ਤੋਂ ਇਲਾਵਾ ਦੇਸ਼ ’ਚ 100 ਹੋਰ ਭਾਸ਼ਾਵਾਂ ਤੇ ਹਜ਼ਾਰਾਂ ਉਪ-ਭਾਸ਼ਾਵਾਂ ਹਨ।
ਭਾਰਤ ਦੀ ਪਛਾਣ ਬਹੁਲਤਾਵਾਦ ਅਤੇ ਵਿਭਿੰਨਤਾ ’ਚ ਹੈ, ਜੋ ਵੱਖ-ਵੱਖ ਸਮਾਜਾਂ ਤੇ ਸੱਭਿਆਚਾਰਾਂ ਵਾਲੇ ਲੋਕਾਂ ਦੇ ਇਕੱਠੇ ਹੋਣ ਦਾ ਨਤੀਜਾ ਹੈ। ਭਾਰਤੀ ਸੰਵਿਧਾਨ ਬਹੁਲਤਾਵਾਦ ਨੂੰ ਧਰਮ-ਨਿਰਪੱਖਤਾ ਅਤੇ ਜਮਹੂਰੀ ਸਿਧਾਂਤ ਰਾਹੀਂ ਯਕੀਨੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਨੂੰ ਸਥਾਈ ਰੂਪ ’ਚ ਨਹੀਂ ਦੇਖਿਆ ਜਾ ਸਕਦਾ। ਇਹ ਗਤੀਸ਼ੀਲ ਹੈ, ਜੋ ਗੰਭੀਰ ਰੂਪ ਅਤੇ ਸਿਰਜਣਾਤਕਮ ਢੰਗ ਨਾਲ ਪੁਨਰਗਠਨ ਕਰਦਾ ਹੈ ਅਤੇ ਨਵੇਂ ਨੇਮਾਂ ਨੂੰ ਅਪਣਾਉਂਦਾ ਹੈ।
ਉਨ੍ਹਾਂ ਸਵਾਲ ਕੀਤੇ ਕਿ ‘ਕੀ ਅਸੀਂ ਜਮਹੂਰੀਅਤ ਸਿਆਸਤ ’ਚ ਇਕ ਚੀਜ਼ ’ਤੇ ਦੂਜੀ ਚੀਜ਼ ਥੋਪ ਸਕਦੇ ਹਾਂ? ਕੀ ਅਸੀਂ ਭਾਰਤ ਦੀ ਲੋਕਤੰਤਰ, ਧਰਮ-ਨਿਰਪੱਖਤਾ ਅਤੇ ਬਹੁਲਵਾਦ ਤੋਂ ਬਿਨਾਂ ਕਲਪਨਾ ਕਰ ਸਕਦੇ ਹਾਂ?’
ਉਨ੍ਹਾਂ ਆਖਿਆ ਕਿ ਦੇਸ਼ ਦੀ ਵਿਭਿੰਨਤਾ ਨੂੰ ਖ਼ਤਮ ਕਰਨਾ ਅਤੇ ਕਾਲਪਨਿਕ ਇਤਿਹਾਸ ਨਾਲ ਬਦਲਣ ਤੇ ਦਬਦਬਾ ਬਣਾਉਣ ਦਾ ਕੀ ਮਕਸਦ ਹੈ। ਸਾਹਿਤ ਬਾਰੇ ਬੋਲਦਿਆਂ ਸਾਬਕਾ ਉਪ ਰਾਸ਼ਟਰਪਤੀ ਨੇ ਆਖਿਆ ਕਿ ਲੇਖਕਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ। ਲੇਖਕਾਂ ਦਾ ਕੰਮ ਵਰਤਮਾਨ ਹਾਲਾਤ ਬਾਰੇ ਲਿਖਣਾ ਹੁੰਦਾ ਹੈ। ਲੇਖਕ ਦੇਸ਼ ਦੀ ਸਮਾਜਕ ਪਛਾਣ ਬਣਾਉਂਦੇ ਹਨ ਅਤੇ ਸਮਾਜ ਨੂੰ ਰੂਪ ਦਿੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਫੈਜ਼ ਅਹਿਮਦ ਫੈਜ਼ ਦੀ ਕਵਿਤਾ ‘ਬੋਲ ਕੇ ਲਬ ਆਜ਼ਾਦ ਹੈਂ ਤੇਰੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿ ਲੇਖਕਾਂ ਨੇ ਹਮੇਸ਼ਾਂ ਹੀ ਵਿਰੋਧ ਦੇ ਗੀਤ ਲਿਖੇ ਹਨ।