ਬ੍ਰਿਸਬਨ, 27 ਨਵੰਬਰ
ਗੇਂਦਬਾਜ਼ਾਂ ਦੇ ਘਾਤਕ ਪ੍ਰਦਰਸ਼ਨ ਮਗਰੋਂ ਦੋਵਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਕੈਮਰੋਨ ਬੇਨਕ੍ਰਾਫਟ ਦੇ ਨਾਬਾਦ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਐਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ ’ਚ ਇੰਗਲੈਂਡ ਖ਼ਿਲਾਫ਼ ਜਿੱਤ ਤੋਂ ਹੁਣ ਸਿਰਫ਼ 56 ਦੌੜਾਂ ਪਿੱਛੇ ਰਹਿ ਗਿਆ ਹੈ। ਆਸਟਰੇਲੀਆ ਨੇ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਐਤਵਾਰ ਨੂੰ ਚੌਥੇ ਦਿਨ ਦੀ ਸਮਾਪਤੀ ਤੱਕ ਬਿਨਾਂ ਕੋਈ ਵਿਕਟ ਗੁਆਇਆਂ 114 ਦੌੜਾਂ ਬਣਾ ਲਈਆਂ ਹਨ ਅਤੇ ਹੁਣ ਉਸ ਨੂੰ 56 ਦੌੜਾਂ ਦਰਕਾਰ ਹਨ।
ਵਾਰਨਰ ਤੇ ਬੇਨਕ੍ਰਾਫਟ ਨੇ 34 ਓਵਰਾਂ ’ਚ ਪਹਿਲੀ ਵਿਕਟ ਲਈ 114 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ ਅਤੇ ਆਸਟਰੇਲੀਆ ਨੂੰ ਹੁਣ ਪੰਜਵੇਂ ਦਿਨ ਦੀ ਸਵੇਰੇ ਮੈਚ ਜਿੱਤਣ ਦੀ ਰਸਮ ਹੀ ਪੂਰੀ ਕਰਨੀ ਹੈ। ਵਾਰਨਰ ਨੇ 86 ਗੇਂਦਾਂ ’ਚ ਨਾਬਾਦ 60 ਦੌੜਾਂ ’ਚ 8 ਚੌਕੇ ਜੜੇ ਜਦਕਿ ਬੇਨਕ੍ਰਾਫਟ ਨੇ 119 ਗੇਂਦਾਂ ’ਚ 51 ਦੌੜਾਂ ਦੀ ਪਾਰੀ ਦੌਰਾਨ ਪੰਜ ਚੌਕੇ ਤੇ ਇੱਕ ਛੱਕਾ ਲਾਇਆ। ਵਾਰਨਰ ਦਾ ਇਹ 67 ਮੈਚਾਂ ’ਚ 25ਵਾਂ ਅਰਧ ਸੈਂਕੜਾ ਹੈ। ਬੇਨਕ੍ਰਾਫਟ ਨੇ ਆਪਣੇ ਸ਼ੁਰੂਆਤੀ ਮੈਚ ਦੀ ਦੂਜੀ ਪਾਰੀ ’ਚ ਅਰਧ ਸੈਂਕੜਾ ਬਣਾਉਣ ਦੀ ਪ੍ਰਾਪਤੀ ਕੀਤੀ ਹੈ। ਬੇਨਕ੍ਰਾਫਟ ਪਹਿਲੀ ਪਾਰੀ ’ਚ ਪੰਜ ਤੇ ਵਾਰਨਰ 26 ਦੌੜਾਂ ਬਣਾ ਕੇ ਆਊਟ ਹੋਇਆ ਸੀ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਸਵੇਰੇ ਦੋ ਵਿਕਟਾਂ ’ਤੇ 33 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਦੂਜੀ ਪਾਰੀ ਦੂਜੇ ਸੈਸ਼ਨ ’ਚ 195 ਦੌੜਾਂ ਬਣਾ ਕੇ ਸਿਮਟ ਗਈ। ਇੰਗਲੈਂਡ ਨੇ ਸਵੇਰ ਦੇ ਸੈਸ਼ਨ ’ਚ ਹੀ ਤਿੰਨ ਵਿਕਟਾਂ ਗੁਆ ਦਿੱਤੀਆਂ ਸੀ ਅਤੇ ਲੰਚ ਤੱਕ ਉਸ ਦਾ ਸਕੋਰ ਪੰਜ ਵਿਕਟਾਂ ’ਤੇ 119 ਦੌੜਾਂ ਹੋ ਗਿਆ। ਦੂਜੇ ਸੈਸ਼ਨ ’ਚ ਉਸ ਨੇ ਆਪਣੀਆਂ ਬਾਕੀ ਬਚੀਆਂ ਪੰਜ ਵਿਕਟਾਂ 76 ਦੌੜਾਂ ਜੋੜ ਕੇ ਗੁਆ ਦਿੱਤੀਆਂ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ 16 ਓਵਰਾਂ ’ਚ 51 ਦੌੜਾਂ ਦੇ ਕੇ ਤਿੰਨ, ਜੋਸ਼ ਹੇਜ਼ਲਵੁੱਡ ਤਿੰਨ ਅਤੇ ਆਫ ਸਪਿੰਨਰ ਨਾਥਨ ਲਿਓਨ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ।