ਬ੍ਰਿਸਬੇਨ, 2 ਜਨਵਰੀ
ਬਰਤਾਨੀਆ ਦੇ ਟੈਨਿਸ ਸਟਾਰ ਐਂਡੀ ਮੱਰੇ ਨੇ ਵਾਪਸੀ ਕਰਨ ਤੋਂ ਬਾਅਦ ਬ੍ਰਿਸਬੇਨ ਇੰਟਰਨੈਸ਼ਨਲ ਓਪਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚ ਇੱਥੇ ਆਸਟਰੇਲੀਆ ਦੇ ਜੇਮਜ਼ ਡਕਵਰਥ ਉੱਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਸਤੰਬਰ ਤੋਂ ਬਾਅਦ ਪਹਿਲੀ ਵਾਰ ਮੁਕਾਬਲੇ ਦੇ ਵਿਚ ਉੱਤਰੇ 31 ਸਾਲਾਂ ਦੇ ਮੱਰੇ ਨੇ ਆਸਟਰੇਲੀਆ ਓਪਨ ਦੇ ਵਾਈਲਡ ਕਾਰਡ ਧਾਰਕ ਨੂੰ 6-3, 6-4 ਦੇ ਨਾਲ ਹਰਾ ਦਿੱਤਾ। ਜਿੱਤ ਤੋਂ ਬਾਅਦ ਮਰੇ ਨੇ ਕਿਹਾ,‘ ਮੇਰੇ ਲਈ ਪਿਛਲੇ 18 ਮਹੀਨੇ ਅਸਲ ਦੇ ਵਿਚ ਹੀ ਕਾਫੀ ਮੁਸ਼ਕਲ ਭਰੇ ਰਹੇ ਹਨ ਅਤੇ ਕਈ ਉਤਰਾਅ ਚੜ੍ਹਾਅ ਆਏ ਹਨ। ਮੁਕਾਬਲੇ ਦੀ ਟੈਨਿਸ ਵਿਚ ਉਤਰਨਾ ਕਾਫੀ ਮੁਸ਼ਕਿਲ ਸੀ।’
ਪਿਛਲੇ ਸਾਲ ਜਨਵਰੀ ਵਿਚ ਮੱਰੇ ਨੇ ਲੱਕ ਦੇ ਅਪਰੇਸ਼ਨ ਤੋਂ ਬਾਅਦ 12 ਮੈਚ ਖੇਡੇ ਹਨ ਅਤੇ ਇਨ੍ਹਾਂ ਵਿਚੋਂ ਸੱਤ ਜਿੱਤੇ ਹਨ। ਬ੍ਰਿਸਬੇਨ ਵਿਚ ਦੋ ਵਾਰ ਦੇ ਖਿਤਾਬ ਜੇਤੂ ਇਸ ਖਿਡਾਰੀ ਨੇ ਕਿਹਾ,‘ ਮੈਂ ਇਹ ਨਹੀਂ ਜਾਣਦਾ ਕਿ ਠੀਕ ਹੋਣ ਦੇ ਲਈ ਹੋਰ ਕਿੰਨਾ ਸਮਾਂ ਲੱਗੇਗਾ।’
ਮਹਿਲਾਵਾਂ ਦੇ ਮੁਕਾਬਲੇ ਵਿਚ ਪਹਿਲੇ ਦੌਰ ਵਿਚ ਯੋਹਾਨਾ ਕੋਂਟਾ ਨੇ ਤੀਜਾ ਦਰਜਾ ਹਾਸਲ ਸਲੋਆਨੋ ਸਟੀਫਨਜ਼ ਨੂੰ 6-4, 6-3 ਨਾਲ ਹਰਾ ਦਿੱਤਾ। ਦੂਜੇ ਦੌਰ ਵਿਚ ਉਸਦਾ ਮੁਕਾਬਲਾ ਅਜਲਾ ਤੋਮਲਜਾਨੋਵਿਚ ਨਾਲ ਹੋਵੇਗਾ, ਜਿਸ ਨੇ ਕੈਟਰੀਨਾ ਸਿਨਿਆਕੋਵਾ ਨੂੰ 1-6, 6-3, 6-0 ਦੇ ਨਾਲ ਸਖਤ ਮੁਕਾਬਲੇ ਵਿਚ ਮਾਤ ਦਿੱਤੀ।