ਨਵੀਂ ਦਿੱਲੀ, 19 ਨਵੰਬਰ

ਕਪਤਾਨ ਰਾਣੀ ਰਾਮਪਾਲ ਨੂੰ ਅਗਲੇ ਮਹੀਨੇ ਹੋਣ ਵਾਲੀ ਮਹਿਲਾ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਆਰਾਮ ਦਿੱਤਾ ਗਿਆ ਹੈ ਅਤੇ ਗੋਲਕੀਪਰ ਸਵਿਤਾ ਪੂਨੀਆ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਇਹ ਟੂਰਨਾਮੈਂਟ 5 ਤੋਂ 12 ਦਸੰਬਰ ਤੱਕ ਦੱਖਣੀ ਕੋਰੀਆ ਦੇ ਡੋਂਗਾਈ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਦਿਨ ਹੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਟੂਰਨਾਮੈਂਟ ਵਿੱਚ ਚੀਨ, ਕੋਰੀਆ, ਜਾਪਾਨ, ਥਾਈਲੈਂਡ, ਮਲੇਸ਼ੀਆ ਵੀ ਹਿੱਸਾ ਲੈ ਰਹੇ ਹਨ। ਇਸ ਸਾਲ ਐੱਫਆਈਐੱਚ ਦੀ ਸਰਵੋਤਮ ਗੋਲਕੀਪਰ ਵਜੋਂ ਚੁਣੀ ਗਈ ਸਵਿਤਾ ਟੂਰਨਾਮੈਂਟ ’ਚ ਕਪਤਾਨੀ ਕਰੇਗੀ। ਡਿਫੈਂਡਰ ਦੀਪ ਗ੍ਰੇਸ ਇੱਕਾ ਉਪ-ਕਪਤਾਨ ਹੋਵੇਗੀ। ਟੋਕੀਓ ਓਲੰਪਿਕ ਦੀ ਫਾਰਵਰਡ ਲਾਲਰੇਮਸਿਆਮੀ ਅਤੇ ਸ਼ਰਮੀਲਾ ਦੇਵੀ ਅਤੇ ਮਿਡਫੀਲਡਰ ਸਲੀਮਾ ਟੇਟੇ ਵੀ ਟੀਮ ਵਿੱਚ ਨਹੀਂ ਹਨ। ਤਿੰਨੋਂ ਜੂਨੀਅਰ ਟੀਮ ਦਾ ਹਿੱਸਾ ਹਨ ਜੋ 5 ਦਸੰਬਰ ਤੋਂ ਦੱਖਣੀ ਅਫਰੀਕਾ ਵਿੱਚ ਐੱਫਆਈਐੱਚ ਵਿਸ਼ਵ ਕੱਪ ਖੇਡੇਗੀ। ਨਮਿਤਾ ਟੋਪੋ ਅਤੇ ਲਿਲੀਮਾ ਮਿੰਜ ਟੀਮ ਵਿੱਚ ਸ਼ਾਮਲ ਹੋਏ। ਫਾਰਵਡ ਕਤਾਰ ਦੀ ਕਮਾਨ ਦੋ ਵਾਰ ਦੀ ਓਲੰਪੀਅਨ ਵੰਦਨਾ ਕਟਾਰੀਆ ਅਤੇ ਨਵਨੀਤ ਕੌਰ ਸੰਭਾਨਗੀਆਂ। ਟੀਮ ਵਿੱਚ ਉਸ ਦੇ ਨਾਲ ਰਾਜਵਿੰਦਰ ਕੌਰ, ਮਾਰੀਆਨਾ ਕੁਜੁਰ ਅਤੇ ਸੋਨਿਕਾ ਹਨ। ਮਿਡਫੀਲਡ ਵਿੱਚ ਸੁਸ਼ੀਲਾ ਚਾਨੂ, ਪੁਖਰੰਬਮ, ਨਿਸ਼ਾ, ਮੋਨਿਕਾ, ਨੇਹਾ ਅਤੇ ਜਯੋਤੀ ਸ਼ਾਮਲ ਹਨ। ਨਵਜੋਤ ਕੌਰ ਅਤੇ ਸੁਮਨ ਦੇਵੀ ਬਦਲਵੀਆਂ ਖਿਡਾਰਨਾਂ ਹਨ ਅਤੇ ਜੇ 18 ਮੈਂਬਰੀ ਟੀਮ ‘ਚੋਂ ਕੋਈ ਵੀ ਜ਼ਖਮੀ ਜਾਂ ਕਰੋਨਾ ਪੀੜਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਮੌਕਾ ਮਿਲੇਗਾ।