ਕਾਕਾਮਿਗਹਰਾ (ਜਪਾਨ), 3 ਨਵੰਬਰ
ਡਰੈਗ ਫਲਿੱਕਰ ਗੁਰਜੀਤ ਕੌਰ ਦੀ ਹੈਟ੍ਰਿਕ ਦੀ ਮਦਦ ਲਾਲ ਭਾਰਤੀ ਟੀਮ ਕਜ਼ਾਖ਼ਸਤਾਨ ਨੂੰ 7-1 ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਪਹੁੰਚ ਗਈ ਹੈ। ਗੁਰਜੀਤ ਨੇ ਤਿੰਨ ਗੋਲ (ਚੌਥਾ ਮਿੰਟ, 42ਵਾਂ ਮਿੰਟ ਤੇ 56ਵਾਂ ਮਿੰਟ) ਕੀਤੇ ਜਦਕਿ ਨਵਨੀਤ ਕੌਰ ਨੇ (2ਵਾਂ ਮਿੰਟ ਤੇ 27ਵਾਂ ਮਿੰਟ) ਦੋ ਗੋਲ ਕੀਤੇ। ਦੀਪ ਗਰੇਸ ਇੱਕਾ ਨੇ 16ਵੇਂ 41ਵੇਂ ਮਿੰਟ ’ਚ ਗੋਲ ਦਾਗੇ।
ਭਾਰਤ ਨੂੰ ਮੈਚ ਦੇ ਦੂਜੇ ਹੀ ਮਿੰਟ ’ਚ ਕਰਾਰਾ ਝਟਕਾ ਲੱਗਾ ਜਦੋਂ ਵੇਰਾ ਡੋਮਾਸ਼ਨੇਵਾ ਨੇ ਫੀਲਡ ਗੋਲ ਕਰਕੇ ਕਜ਼ਾਖ਼ਸਤਾਨ ਨੂੰ ਲੀਡ ਦਿਵਾ ਦਿੱਤੀ। ਭਾਰਤ ਨੇ ਆਪਣੀਆਂ ਗਲਤੀਆਂ ਸੁਧਾਰਦਿਆਂ ਚੌਥੇ ਮਿੰਟ ’ਚ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਗੁਰਜੀਤ ਨੇ ਟੀਮ ਨੂੰ ਬਰਾਬਰੀ ਦਿਵਾਈ। ਰਾਣੀ ਰਾਮਪਾਲ ਦੀ ਅਗਵਾਈ ਹੇਠ ਫਾਰਵਰਡ ਕਤਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਪੈਨਲਟੀ ਕਾਰਨਰ ਬਣਾਏ। ਭਾਰਤ ਨੂੰ 16ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ਨੂੰ ਦੀਪ ਗਰੇਸ ਨੇ ਗੋਲ ’ਚ ਤਬਦੀਲ ਕਰ ਦਿੱਤਾ। ਬਾਅਦ ’ਚ ਨਵਨੀਤ ਨੇ ਲਗਾਤਾਰ ਦੋ ਗੋਲ ਕਰਕੇ ਦੂਜੇ ਕੁਆਰਟਰ ’ਚ ਭਾਰਤ ਨੂੰ 4-1 ਦੀ ਲੀਡ ਦਿਵਾਈ। ਭਾਰਤ ਨੂੰ 41ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ’ਤੇ ਦੀਪ ਗਰੇਸ ਨੇ ਦੂਜਾ ਗੋਲ ਕੀਤਾ। ਗੁਰਜੀਤ ਨੇ ਦੂਜਾ ਗੋਲ 42ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ’ਤੇ ਕੀਤਾ। ਉਸ ਨੇ 56ਵੇਂ ਮਿੰਟ ’ਚ ਇੱਕ ਹੋਰ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰ ਦਿੱਤਾ।