ਜਕਾਰਤਾ— ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 ‘ਚ ਕਾਂਸੀ ਤਮਗਾ ਜਿੱਤ ਲਿਆ ਹੈ। ਭਾਰਤ ਲਈ ਇਹ 16ਵਾਂ ਤਮਗਾ ਹੈ। ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ। ਮਹਿਲਾ ਸਿੰਗਲ ਸੈਮੀਫਾਈਨਲ ‘ਚ ਅੰਕਿਤਾ ਦੇ ਸਾਹਮਣੇ ਚੀਨੀ ਖਿਡਾਰਨ ਸ਼ੁਆਈ ਝਾਂਗ ਦਾ ਤਜਰਬਾ ਕੰਮ ਆਇਆ ਜਿਨ੍ਹਾਂ ਨੇ ਲਗਾਤਾਰ ਕਈ ਮੌਕਿਆਂ ‘ਤੇ ਅੰਕਿਤਾ ਤੋਂ ਸਖਤ ਟੱਕਰ ਮਿਲਣ ਦੇ ਬਾਵਜੂਦ 6-4, 7-6 ਨਾਲ ਦੋ ਘੰਟੇ 11 ਮਿੰਟ ‘ਚ ਜਿੱਤ ਆਪਣੇ ਨਾਂ ਕਰਕੇ ਫਾਈਨਲ ‘ਚ ਜਗ੍ਹਾ ਬਣਾ ਲਈ।

ਅੰਕਿਤਾ ਨੇ ਮੈਚ ‘ਚ ਝਾਂਗ ਦੇ 38 ਦੇ ਮੁਕਾਬਲੇ 26 ਵਿਨਰਸ ਲਗਾਏ। ਉਨ੍ਹਾਂ ਨੇ ਪਹਿਲੇ ਸਰਵ ‘ਤੇ 73 ਫੀਸਦੀ ਅੰਕ ਜੁਟਾਏ ਪਰ 15 ‘ਚੋਂ 9 ਬ੍ਰੇਕ ਅੰਕਾਂ ਦਾ ਲਾਹਾ ਹੀ ਲੈ ਸਕੀ ਜਦਕਿ ਝਾਂਗ ਨੇ 15 ‘ਚੋਂ 11 ਬ੍ਰੇਕ ਅੰਕਾਂ ਦਾ ਲਾਹਾ ਲਿਆ। ਭਾਰਤੀ ਖਿਡਾਰਨ ਨੂੰ ਸੈਮੀਫਾਈਨਲ ‘ਚ ਹਾਰ ਦੇ ਨਾਲ ਹੁਣ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਹੋਵੇਗਾ। ਅੰਕਿਤਾ ਲਈ ਹਾਲਾਂਕਿ ਮਿਕਸਡ ਡਬਲਜ਼ ‘ਚ ਬੋਪੰਨਾ ਦੇ ਨਾਲ ਅਜੇ ਇਕ ਹੋਰ ਤਮਗੇ ਦੀ ਉਮੀਦ ਬਣੀ ਹੋਈ ਹੈ ਜਿੱਥੇ ਉਹ ਕੁਆਰਟਰ ਫਾਈਨਲ ਮੈਚ ‘ਚ ਮੇਜ਼ਬਾਨ ਇੰਡੋਨੇਸ਼ੀਆਈ ਜੋੜੀ ਕ੍ਰਿਸਟੋਫਰ ਬੇਂਜਾਮਿਨ ਰੂੰਗਲ ਅਤੇ ਅਲਦੀਲਾ ਸੁਤਜਿਆਦੀ ਦੇ ਖਿਲਾਫ ਉਤਰਨਗੇ।