ਹੋ ਚੀ ਮਿਨ੍ਹ ਸਿਟੀ(ਵੀਅਤਨਾਮ), 2 ਨਵੰਬਰ
ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਅੱਜ ਭਾਰਤ ਨੇ ਡਰਾਅ ਵਾਲੇ ਦਿਨ ਹੀ ਉਦੋਂ ਤਗ਼ਮਾ ਪੱਕਾ ਕਰ ਲਿਆ, ਜਦੋਂ ਸੀਮਾ ਪੂਨੀਆ (81 ਕਿਲੋ ਤੋਂ ਵੱਧ) ਸਿੱਧੀ ਸੈਮੀ ਫਾਈਨਲ ਵਿੱਚ ਪੁੱਜ ਗਈ। ਉਧਰ ਐਮ.ਸੀ.ਮੇਰੀਕੌਮ (48 ਕਿਲੋ) ਭਲਕੇ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਪੂਨੀਆ ਦੇ ਭਾਰ ਵਰਗ ਵਿੱਚ ਸਿਰਫ਼ ਚਾਰ ਮੁੱਕੇਬਾਜ਼ ਹਨ, ਜੋ ਸਿੱਧੇ ਹੀ ਸੈਮੀ ਫਾਈਨਲ ਵਿੱਚ ਪੁੱਜ ਗਏ ਹਨ। ਉਹ 7 ਨਵੰਬਰ ਨੂੰ ਉਜ਼ਬੇਕਿਸਤਾਨ ਦੀ ਗੁਜਾਲ ਇਸਮਾਤੋਵਾ ਨਾਲ ਖੇਡੇਗੀ।
ਓਲੰਪਿਕ ਤਗ਼ਮਾ ਜੇਤੂ ਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ.ਮੇਰੀਕੌਮ ਆਪਣੇ 48 ਕਿਲੋ ਭਾਰ ਵਰਗ ’ਚ ਵਾਪਸੀ ਕਰੇਗੀ। ਇਥੇ ਚਾਰ ਵਾਰ ਚੈਂਪੀਅਨ ਰਹਿ ਚੁੱਕੀ ਮੇਰੀਕੌਮ ਪਹਿਲੇ ਦੌਰ ਵਿੱਚ ਦਿਯੇਮ ਥੀ ਤ੍ਰਿਨ੍ਹ ਕੀਊ ਨਾਲ ਖੇਡੇਗੀ। ਉਧਰ ਸ਼ਿਕਸ਼ਾ 54 ਕਿਲੋ ਪਹਿਲੇ ਦੌਰ ’ਚ ਮੰਗੋਲੀਆ ਦੀ ਓਯੁਨ ਏਰਡੇਨੇ ਨਰਗੁਈ ਦਾ ਮੁਕਾਬਲਾ ਕਰੇਗੀ। ਚਾਰ ਵਾਰ ਦੀ ਸੋਨ ਤਗ਼ਮਾ ਜੇਤੂ ਐਲ. ਸਰਿਤਾ ਦੇਵੀ 64 ਕਿਲੋ ਵਰਗ ਵਿੱਚ ਪਹਿਲੀ ਵਾਰ ਖੇਡੇਗੀ। ਉਸ ਨੂੰ ਪਹਿਲੇ ਦੌਰ ’ਚ ਬਾਇ ਮਿਲੀ ਸੀ ਤੇ ਹੁਣ ਉਹ ਉਜ਼ਬੇਕਿਸਤਾਨ ਦੀ ਐਮ.ਮੇਲੀਵਾ ਨਾਲ 5 ਨਵੰਬਰ ਨੂੰ ਕੁਆਰਟਰ ਫਾਈਨਲ ਖੇਡੇਗੀ। ਸਾਬਕਾ ਵਿਸ਼ਵ ਤੇ ਏਸ਼ਿਆਈ ਚਾਂਦੀ ਦਾ ਤਗ਼ਮਾ ਜੇਤੂ ਸਵੀਟੀ ਬੂਰਾ 75 ਕਿਲੋ ਨੂੰ ਵੀ ਬਾਇ ਮਿਲੀ ਹੈ। ਉਹ ਚੀਨ ਦੀ ਲਿ ਕਿਯਾਨ ਨਾਲ ਮੱਥਾ ਲਾਏਗੀ। ਉਧਰ ਲਵਲੀਨਾ ਬੀ 69 ਕਿਲੋ ਕੁਆਰਟਰ ਫਾਈਨਲ ਵੱਚ ਮੰਗੋਲੀਅਨ ਮੁੱਕੇਬਾਜ਼ ਈ.ਏਂਖਬਾਤਾਰ ਨਾਲ ਦੋ ਦੋ ਹੱਥ ਕਰੇਗੀ। ਕੌਮੀ ਚੌਂਪੀਅਨ ਤੇ ਨੇਸ਼ਨਜ਼ ਕੱਪ ਸੋਨ ਤਗ਼ਮਾ ਜੇਤੂ ਨੀਰਜ ਮਿਆਮਾਂ ਦੀ ਨੇਲੀ ਨਾਲ ਖੇਡੇਗੀ। ਸੋਨੀਆ ਲਾਠੇਰ 57 ਕਿਲੋ ਤੇ ਪੂਜਾ ਰਾਨੀ 81 ਕਿਲੋ ਵੀ ਆਪੋ ਆਪਣੇ ਮੁਕਾਬਲੇ ਖੇਡਣਗੀਆਂ।