ਨਵੀਂ ਦਿੱਲੀ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੇ ਪਾਲੇਮਬੰਗ ਵਿੱਚ 18 ਅਗਸਤ ਤੋਂ 2 ਸਤੰਬਰ ਤਕ ਹੋਣ ਵਾਲੀਆਂ 18ਵੀਆਂ ਏਸ਼ਿਆਈ ਖੇਡਾਂ ’ਚ ਭਾਰਤੀ ਦਲ ਵੱਲੋਂ 541 ਅਥਲੀਟ ਮੈਦਾਨ ’ਚ ਨਿੱਤਰਨਗੇ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਇਨ੍ਹਾਂ ਖੇਡਾਂ ’ਚ 525 ਅਥਲੀਟ ਹਿੱਸਾ ਲੈਣਗੇ, ਪਰ ਆਈਓਏ ਨੇ ਹੁਣ 541 ਅਥਲੀਟਾਂ ਦੀ ਅੰਤਿਮ ਸੂਚੀ ਜਾਰੀ ਕੀਤੀ ਹੈ, ਜਿਸ ਨੂੰ ਅੰਤਿਮ ਪ੍ਰਵਾਨਗੀ ਲਈ ਖੇਡ ਮੰਤਰਾ ਮੰਤਰਾਲੇ ਕੋਲ ਭੇਜਿਆ ਗਿਆ ਹੈ। ਆਈਓਏ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਖੇਡ ਮੰਤਰਾਲੇ ਨੂੰ ਇਹ ਸੂਚੀ ਭੇਜੀ ਹੈ।
ਆਈਓਓ ਦੇ ਇਸ ਸੂਚੀ ਅਨੁਸਾਰ ਭਾਰਤੀ ਖਿਡਾਰੀ ਕੁੱਲ 37 ਖੇਡਾਂ ’ਚ ਹਿੱਸਾ ਲੈਣਗੇ। ਇਨ੍ਹਾਂ ਖਿਡਾਰੀਆਂ ’ਚ 297 ਪੁਰਸ਼ ਤੇ 244 ਮਹਿਲਾ ਖਿਡਾਰੀ ਸ਼ਾਮਲ ਹਨ। ਭਾਰਤ ਵੱਲੋਂ ਇਨ੍ਹਾਂ ਖੇਡਾਂ ’ਚ ਤੀਰਅੰਦਾਜ਼ੀ ਵਿੱਚ 16, ਅਥਲੈਟਿਕਸ 51, ਬੈਡਮਿੰਟਨ 20, ਬਾਸਕਟਬਾਲ 12, ਮੁੱਕੇਬਾਜ਼ੀ 10, ਬਾਲਿੰਗ 6, ਬ੍ਰਿਜ 24, ਕੇਨੋਈ ਕਿਯਾਕ ਸਪ੍ਰਿੰਗ 15 ਤੇ ਕੇਨੋਈ ਕਯਾਕ ਸਲੇਲਮ 4, ਸਾਈਕਲਿੰਗ 15, ਘੁੜਸਵਾਰੀ 7, ਤਲਵਾਰਬਾਜ਼ੀ 4, ਜਿਮਨਾਸਟਿਕਸ 10, ਗੋਲਫ਼ 7 ਤੇ ਹੈਂਡਬਾਲ ’ਚ 32 ਖਿਡਾਰੀ ਮੈਦਾਨ ’ਚ ਉਤਰਨਗੇ। ਇਸੇ ਤਰ੍ਹਾਂ ਹਾਕੀ ਵਿੱਚ 36, ਕਬੱਡੀ 24, ਕਰਾਟੇ 2, ਰੋਲਰ ਸਕੇਟਿੰਗ 4, ਰੋਇੰਗ 34, ਸੇਲਿੰਗ 9, ਨਿਸ਼ਾਨੇਬਾਜ਼ੀ 28, ਸਕੁਐਸ਼ 8, ਤੈਰਾਕੀ 10, ਟੇਬਲ ਟੈਨਿਸ 10, ਤਾਇਕਵਾਂਡੋ 5, ਟੈਨਿਸ 12, ਵਾਲੀਬਾਲ 28, ਵੇਟ ਲਿਫਟਿੰਗ 5, ਕੁਸ਼ਤੀ 18 ਆਦਿ ਸ਼ਾਮਲ ਹਨ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਨ ਸ਼ਰਨ ਸਿੰਘ ਨੂੰ ਭਾਰਤੀ ਖੇਡ ਦਲ ਦਾ ਪ੍ਰਮੁੱਖ ਬਣਾਇਆ ਗਿਆ ਹੈ। ਭਾਰਤ ਪਿਛਲੀਆਂ ਇੰਚਿਓਨ ਏਸ਼ਿਆਈ ਖੇਡਾਂ ’ਚ 11 ਸੋਨ ਤਗ਼ਮਿਆਂ ਸਮੇਤ ਕੁੱਲ 57 ਤਗ਼ਮੇ ਹਾਸਲ ਕਰਦਿਆਂ ਅੱਠਵੇਂ ਸਥਾਨ ’ਤੇ ਰਿਹਾ ਸੀ। ਪਿਛਲੀਆਂ ਖੇਡਾਂ ’ਚ ਭਾਰਤ ਨੇ 515 ਅਥਲੀਟ ਉਤਾਰੇ ਸਨ ਤੇ ਐਤਕੀਂ ਇਨ੍ਹਾਂ ਦੀ ਗਿਣਤੀ ’ਚ 26 ਅਥਲੀਟਾਂ ਦਾ ਵਾਧਾ ਹੋਇਆ ਹੈ।