ਬਠਿੰਡਾ: ਬਠਿੰਡਾ ਜਿ਼ਲ੍ਹੇ `ਚ 925 ਕਰੋੜ ਰੁਪਏ ਦੀ ਲਾਗਤ ਨਾਲ ‘ਏਮਸ` (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼) ਕਾਇਮ ਕਰਨ ਦਾ ਐਲਾਨ 25 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਚੁੱਕਾ ਹੈ, ਜਿਸ ਦਿਨ ਉਨ੍ਹਾਂ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੇ 11 ਸੁਪਰ ਸਪੈਸਿ਼ਐਲਿਟੀ ਵਿਭਾਗ ਹੋਣਗੇ ਤੇ ਇਹ 750 ਬਿਸਤਰਿਆਂ ਵਾਲਾ ਇੱਕ ਵਿਸ਼ਾਲ ਮੈਡੀਕਲ ਸੰਸਥਾਨ ਹੋਵੇਗਾ। ਪਰ ਪਿਛਲੇ ਹਫ਼ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦੋਸ਼ ਲਾਇਆ ਸੀ ਕਿ ਕੇਂਦਰ ਸਰਕਾਰ ਨੇ ਤਾਂ ਮਾਲਵਾ ਇਲਾਕੇ ਲਈ ਇੰਨਾ ਵੱਡਾ ਹਸਪਤਾਲ ਕਾਇਮ ਕਰਨ ਦਾ ਐਲਾਨ ਕੀਤਾ ਸੀ ਪਰ ਪੰਜਾਬ ਦੀ ਕਾਂਗਰਸ ਸਰਕਾਰ ਸਿਰਫ਼ ਇਸ ਲਈ ਇਸ ਨੂੰ ਐੱਨਓਸੀਜ਼ (ਇਤਰਾਜ਼ਹੀਣਤਾ ਦੇ ਪ੍ਰਮਾਣ ਪੱਤਰ) ਨਹੀਂ ਦੇ ਰਹੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਦਾ ਸਿਹਰਾ ਤਾਂ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਗੱਠਜੋੜ ਨੂੰ ਹੀ ਮਿਲਣਾ ਹੈ। ਇਸੇ ਮੁੱਦੇ `ਤੇ ਅੱਜ ਮਨਪ੍ਰੀਤ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਸ਼ਬਦੀ-ਜੰਗ ਛਿੜ ਗਈ।
ਅੱਜ ਸਨਿੱਚਰਵਾਰ ਨੂੰ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਦਿਹਾਤੀ ਵਿਧਾਨ ਸਭਾ ਹਲਕੇ ਦੇ ਦੌਰੇ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੇਕਟ ਵਿੱਚ ਕੋਈ ਅੜਿੱਕਾ ਡਾਹੁਣ ਦਾ ਕੋਈ ਸੁਆਲ ਹੀ ਪੈਦਾ ਨਹੀਂ ਹੁੰਦਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ `ਤੇ ਸਿਆਸਤ ਖੇਡੀ ਜਾ ਰਹੀ ਹੈ।
ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਅਤੇ ਕੋਈ ਇਹ ਕਿਵੇਂ ਸੋਚ ਸਕਦਾ ਹੈ ਕਿ ਸੂਬਾ ਸਰਕਾਰ ਇਸ ਨੂੰ ਐੱਨਓਸੀ ਨਹੀਂ ਦੇਵੇਗੀ। ਸੂਬਾ ਸਰਕਾਰ ਸਾਰੀਆਂ ਮਨਜ਼ੂਰੀ ਤੁਰੰਤ ਦੇ ਦੇਵੇਗੀ, ਜੇ ਇਸ ਪ੍ਰੋਜੈਕਟ ਨਾਲ ਸਬੰਧਤ ਕੋਈ ਏਜੰਸੀ ਇਸ ਲਈ ਆਪਣੀ ਅਰਜ਼ੀ ਦੇਵੇਗੀ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਉਨ੍ਹਾਂ ਦੀ ਜਾਣਕਾਰੀ ਹੈ, ਇਸ ਪ੍ਰੋਜੈਕਟ ਲਈ ਕੰਮ ਸ਼ੁਰੂ ਹੋ ਚੁੱਕਾ ਹੈ।
ਅੱਜ ਸ਼ਾਮੀਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਨਪ੍ਰੀਤ ਬਾਦਲ ਦੇ ਬਿਆਨ ਦੇ ਜਵਾਬ ਵਿੰਚ ਕਿਹਾ ਕਿ ਮਨਪ੍ਰੀਤ ਬਾਦਲ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ,‘ਜਿੱਥੇ ਏਮਸ ਦੀ ਉਸਾਰੀ ਹੋਣੀ ਹੈ, ਉਸ ਜ਼ਮੀਨ ਨੂੰ ਜਲ-ਨਿਕਾਸੀਆਂ ਤਬਦੀਲ ਕਰ ਕੇ ਭਾਰ-ਮੁਕਤ ਨਹੀਂ ਕੀਤਾ ਜਾ ਰਿਹਾ।` ਉਨ੍ਹਾਂ ਦੱਸਿਆ ਕਿੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਬੀਤੀ 3 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਏਮਸ ਬਠਿੰਡਾ ਦੇ ਪ੍ਰਾਜੈਕਟ ਨਾਲ ਸਬੰਧਤ ਸਾਰੇ ਦਸਤਾਵੇਜ਼ ਮੁਕੰਮਲ ਕਰ ਕੇ ਪੰਜਾਬ ਦੇ ਸਰਕਾਰੀ ਅਧਿਕਾਰੀਆਂ ਕੋਲ ਮਨਜ਼ੂਰੀ ਭੇਜ ਦਿੱਤੇ ਗਏ ਹਨ।