ਜਲੰਧਰ, 18 ਜਨਵਰੀ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਕੋਲੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ। ਇੰਦਰਪ੍ਰਤਾਪ ਦੁਪਹਿਰੇ 12.35 ਵਜੇ ਦੇ ਕਰੀਬ ਆਪਣੇ ਵਕੀਲ ਅਤੇ ਅਕਾਊਟੈਂਟ ਨਾਲ ਈਡੀ ਦਫ਼ਤਰ ਪਹੁੰਚਿਆ।
ਜਾਣਕਾਰੀ ਅਨੁਸਾਰ ਇਸ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਇੰਦਰਪ੍ਰਤਾਪ ਤੋਂ ਪਹਿਲਾਂ ਤਿਆਰ ਕੀਤੀ ਪ੍ਰਸ਼ਨਾਵਲੀ ਦੇ ਜਵਾਬ ਮੰਗੇ। ਈਡੀ ਦੇ ਡਿਪਟੀ ਡਾਇਰੈਕਟਰ ਡਾ. ਰਾਹੁਲ ਸੋਹੂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਹੀ ਇਸ ਸਬੰਧੀ ਸੰਮਨ ਜਾਰੀ ਕੀਤੇ ਸਨ। ਪੁੱਛਗਿੱਛ ’ਚ ਸਹਾਇਕ ਜਾਂਚ ਅਫਸਰ ਪ੍ਰਿਅੰਕਾ ਸ਼ਰਮਾ ਵੀ ਸ਼ਾਮਲ ਸਨ। ਰਾਣਾ ਸ਼ੂਗਰ ਲਿਮਟਿਡ ਵੱਲੋਂ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਕੀਤੇ ਜਾਣ ਦੇ ਸ਼ੱਕ ਤਹਿਤ ਹੀ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸੰਮਨ ਕੀਤਾ ਗਿਆ ਸੀ। ਦੇਰ ਸ਼ਾਮ ਕਰੀਬ 7 ਵਜੇ ਰਾਣਾ ਇੰਦਰਪ੍ਰਤਾਪ ਸਿੰਘ ਈਡੀ ਦੇ ਦਫ਼ਤਰ ’ਚੋਂ ਬਾਹਰ ਆਏ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਈਡੀ ਨੂੰ ਸਭ ਕੁਝ ਲਿਖਤੀ ਰੂਪ ਵਿੱਚ ਦੇ ਦਿੱਤਾ ਹੈ।  ਉਨ੍ਹਾਂ ਨੇ 80 ਕਰੋੜ ਦੇ ਕਰੀਬ ਫੰਡ ਆਟੋਮੈਟਿਕ ਰੂਪ ਰਾਹੀਂ ਇਕੱਠਾ ਕੀਤਾ ਸੀ। ਇਸ ਦੀ ਆਰ.ਬੀ.ਆਈ. ਕੋਲੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੂੰ ਸਿਰਫ ਜਾਣਕਾਰੀ ਦੇਣੀ ਹੁੰਦੀ ਹੈ ਤੇ ਜਿਹੜੀ ਜਾਣਕਾਰੀ ਉਨ੍ਹਾਂ ਆਰ.ਬੀ.ਆਈ. ਨੂੰ ਦਿੱਤੀ ਸੀ ਉਸ ਦੀ ਕਾਪੀ ਉਨ੍ਹਾਂ ਈਡੀ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲੋਂ 10 ਚੀਜ਼ਾਂ ਪੁੱਛੀਆਂ ਗਈਆਂ ਸਨ ਜਿਨ੍ਹਾਂ ਵਿਚੋਂ 5-6 ਦਾ ਉਨ੍ਹਾਂ ਜਵਾਬ ਦੇ ਦਿੱਤਾ ਸੀ ਤੇ ਬਾਕੀ ਗੱਲਾਂ ਦਾ ਜਵਾਬ ਅੱਜ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਰ.ਬੀ.ਆਈ. ਦੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ। ਇਹ ਮਾਮਲਾ 12 ਸਾਲ ਪੁਰਾਣਾ ਹੈ ਤੇ ਇਸ ਦੀਆਂ ਅਸੈੱਸਮੈਂਟਾਂ ਵੀ ਹੋ ਚੁੱਕੀਆਂ ਹਨ।
ਜ਼ਿਕਰਯੋਗ ਹੈ ਕਿ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਪਹਿਲਾਂ ਹੀ ਵਿਵਾਦਾਂ ਵਿਚ ਘਿਰੇ ਹੋਏ ਹਨ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਚੁੱਕੇ ਹਨ। ਉਨ੍ਹਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਦੀ ਕੰਪਨੀ ਰਾਣਾ ਸ਼ੂਗਰ ਲਿਮਟਿਡ ਦੇ ਨਾਂ ’ਤੇ ਵਿਦੇਸ਼ਾਂ ਵਿਚ ਜਿਹੜੇ ਸ਼ੇਅਰ ਫਲੋਟ ਕੀਤੇ ਗਏੇ ਸਨ, ਉਨ੍ਹਾਂ ਰਾਹੀਂ 1.8 ਕਰੋੜ ਅਮਰੀਕੀ ਡਾਲਰ ਇਕੱਠੇ ਕੀਤੇ ਗਏ ਸਨ ਤੇ ਇਹ ਰਕਮ ਭਾਰਤੀ ਕਰੰਸੀ ਅਨੁਸਾਰ 80 ਕਰੋੜ ਦੇ ਕਰੀਬ ਬਣਦੀ ਹੈ। ਈਡੀ ਦੇ ਅਧਿਕਾਰੀਆਂ ਅਨੁਸਾਰ ਇਸ ਵਾਸਤੇ ਭਾਰਤ ਰਿਜ਼ਰਵ ਬੈਂਕ ਅਤੇ ਸੇਬੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਪਰ ਰਾਣਾ ਸ਼ੂਗਰ ਲਿਮਟਿਡ ਨੇ ਇਸ ਨੂੰ ਨਜ਼ਰ ਅੰਦਾਜ਼ ਕਰਕੇ ਇਹ ਸਾਰਾ ਕੁਝ ਕੀਤਾ ਸੀ। ਈਡੀ ਨੇ ਇਸ ਮਾਮਲੇ ਦੀ ਪੁੱਛਗਿੱਛ ਲਈ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਅੱਜ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।