ਲਾਹੌਰ— ਵਿਸ਼ਵ ਇਲੈਵਨ ਨੇ ਤਿੰਨ ਮੈਚਾਂ ਦੇ ਇੰਡੀਪੈਂਡੇਂਸ ਕੱਪ ਦੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੁਕਾਬਲੇ ‘ਚ ਅੱਜ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ 1-1 ਨਾਲ ਬਰਾਬਰ ਕਰ ਲਈ। ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਹਾਸ਼ਿਮ ਅਮਲਾ (72) ਅਤੇ ਤਿਸ਼ਾਰਾ ਪਰੇਰਾ (47) ਦੀ ਹਮਲਾਵਰ ਪਾਰੀਆਂ ਦੇ ਸਹਾਰੇ ਮਹਿਮਾਨ ਟੀਮ ਨੇ 19.5 ਓਵਰ ‘ਚ 175 ਦੌੜਾਂ ਦਾ ਟੀਚਾ ਹਾਸਲ ਕਰਕੇ ਸ਼ੁੱਕਰਵਾਰ ਦੇ ਰੋਮਾਂਚਕ ਅੰਤਿਮ ਮੁਕਾਬਲੇ ਦੀ ਨੀਂਹ ਰੱਖ ਦਿੱਤੀ। 

ਇਸ ਤੋਂ ਪਹਿਲਾਂ ਬਾਬਰ ਆਜ਼ਮ ਅਤੇ ਅਹਿਮਦ ਸ਼ਹਿਜ਼ਾਦ ਤੋਂ ਇਲਾਵਾ ਸ਼ੋਏਬ ਮਲਿਕ ਦੀਆਂ ਵੱਧੀਆਂ ਪਾਰੀਆਂ ਦੀ ਮਦਦ ਨਾਲ ਪਾਕਿਸਤਾਨ ਨੇ 6 ਵਿਕਟਾਂ ‘ਤੇ 174 ਦੌੜਾਂ ਬਣਾਈਆਂ। ਬਾਬਰ ਨੇ 38 ਗੇਂਦਾਂ ‘ਚ ਪੰਜ ਚੌਕਿਆਂ ਦੀ ਮਦਦ ਨਾਲ 45 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਸ਼ਹਿਜ਼ਾਦ (43) ਦੇ ਨਾਲ ਦੂਜੇ ਵਿਕਟ ਦੇ ਲਈ 59 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਹਿਜ਼ਾਦ ਨੇ 34 ਗੇਂਦਾਂ ਦੀ ਆਪਣੀ ਪਾਰੀ ‘ਚ 5 ਚੌਕੇ ਲਗਾਏ ਅਤੇ ਇਕ ਛੱਕਾ ਮਾਰਿਆ। ਸ਼ੋਏਬ ਨੇ ਅੰਤਿਮ ਓਵਰਾਂ ‘ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 23 ਗੇਂਦਾਂ ‘ਚ ਤਿੰਨ ਛੱਕਿਆਂ ਅਤੇ ਇਕ ਚੌਕੇ ਨਾਲ 39 ਦੌੜਾਂ ਬਣਾ ਕੇ ਟੀਮ ਦਾ ਸਕੋਰ 175 ਦੌੜਾਂ ਦੇ ਕਰੀਬ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ। ਵਿਸ਼ਵ ਇਲੈਵਨ ਵੱਲੋਂ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਤਿਸ਼ਾਰਾ ਪਰੇਰਾ ਨੇ 23 ਜਦਕਿ ਵੈਸਟਇੰਡੀਜ਼ ਦੇ ਸਪਿਨਰ ਸੈਮੁਅਲ ਬਦ੍ਰੀ ਨੇ 31 ਦੌੜਾਂ ਦੇ ਕੇ 2-2 ਵਿਕਟਾਂ ਝਟਕਾਈਆਂ।