ਜਲੰਧਰ, 17 ਨਵੰਬਰ
ਜੰਡਿਆਲਾ ਮੰਜ਼ਕੀ ਦੇ ਰਹਿਣ ਵਾਲੇ ਐਨਆਰਆਈ ਜਗਤਾਰ ਸਿੰਘ ਜੱਗੀ ਜੌਹਲ ਨੂੰ ਮੋਗਾ ਪੁਲੀਸ ਵੱਲੋਂ ਚੁੱਕੇ ਜਾਣ ਦਾ ਮਾਮਲਾ ਇੰਗਲੈਂਡ ਦੀ ਸੰਸਦ ਵਿੱਚ ਗੂੰਜਿਆ। ਉਥੋਂ ਦੀਆਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਇਕ ਗਰੁੱਪ ਨੇ ਵਿਦੇਸ਼ ਸਕੱਤਰ ਨੂੰ ਪੱਤਰ ਲਿਖ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਹਨ।
ਜੱਗੀ ਜੌਹਲ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਅੱਜ ਇੰਗਲੈਂਡ ਦੇ ਕਾਮਨਵੈਲਥ ਅਤੇ ਵਿਦੇਸ਼ ਸਕੱਤਰ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ। ਜੱਗੀ ਜੌਹਲ ਦਾ ਮੁੱਦਾ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਉਠਾਉਂਦਿਆਂ ਉਸ ਦੇ ਹਲਕੇ ਪੱਛਮੀ ਡਨਬਾਰਟਨ ਸ਼ਾਇਰ ਦੇ ਐਮਪੀ ਮਾਰਟਿਨ ਡੋਖ਼ਰਟੀ ਹਿਊਜ ਨੇ ਮੰਗ ਕੀਤੀ ਕਿ ਵਿਦੇਸ਼ ਅਤੇ ਕਾਮਨਵੈਲਥ ਮਾਮਲਿਆਂ ਦੇ ਮੰਤਰੀ ਸੰਸਦ ਵਿੱਚ ਆ ਕੇ ਜੱਗੀ ’ਤੇ ਕੀਤੇ ਗਏ ਅਣਮਨੁੱਖੀ ਤਸ਼ੱਦਦ ਸਬੰਧੀ ਬਿਆਨ ਦੇਣ।
ਇਹ ਵੀ ਦੱਸਿਆ ਜਾਵੇ ਕਿ ਜਦੋਂ ਜੱਗੀ ਜੌਹਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਕੀ ਉਸ ਨੂੰ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਸਹਾਇਤਾ ਦਿੱਤੀ ਗਈ ਸੀ? ਇੰਗਲੈਂਡ ਦੀ ਪਹਿਲੀ ਸਿੱਖ ਸੰਸਦ ਮੈਂਬਰ ਬਣੀ ਪ੍ਰੀਤੀ ਗਿੱਲ ਨੇ ਸਰਬ ਪਾਰਟੀ ਗੁਰਪ ਵੱਲੋਂ ਵਿਦੇਸ਼ ਸਕੱਤਰ ਨੂੰ ਲਿਖੇ ਸਾਂਝੇ ਪੱਤਰ ਵਿੱਚ ਇੰਗਲੈਂਡ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜਗਤਾਰ ਸਿੰਘ ਜੱਗੀ ’ਤੇ ਭਾਰਤ ਦੀਆਂ ਏਜੰਸੀਆਂ ਵੱਲੋਂ ਇਕ ਸਾਲ ਤੋਂ ਨਜ਼ਰਾਂ ਰੱਖਣ ਬਾਰੇ ਕੀ ਇਸ ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਸੀ? ਪ੍ਰੀਤੀ ਗਿੱਲ ਨੇ ਕਿਹਾ ਕਿ ਭਾਰਤ ਅਤੇ ਇੰਗਲੈਂਡ ਵਿੱਚ ਸੂਹੀਆ ਗੱਲਾਂ ਨੂੰ ਸਾਂਝਿਆ ਕਰਨ ਦੀ ਸਹਿਮਤੀ ਹੈ ਕਿਉਂਕਿ ਦੋਵੇ ਦੇਸ਼ ਅਤਿਵਾਦ ਤੋਂ ਪੀੜਤ ਹਨ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਜੱਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਘੱਟੋ ਘੱਟ ਭਾਰਤ ਸਰਕਾਰ ਵੱਲੋਂ ਉਦੋਂ ਹੀ ਇਸ ਦੀ ਸੂਚਨਾ ਯੂਕੇ ਸਰਕਾਰ ਨੂੰ ਦੇਣੀ ਚਾਹੀਦੀ ਸੀ। ਇਨ੍ਹਾਂ ਐਮਪੀਜ਼ ਦੇ ਗਰੁੱਪ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਪਰ ਜੱਗੀ ਨੂੰ ਅਦਾਲਤ ਵਿੱਚ ਪੇਸ਼ ਕਰਨ ਸਮੇਂ ਨਾ ਤਾਂ ਉਸ ਦੇ ਵਕੀਲ ਅਤੇ ਨਾ ਹੀ ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਨੂੰ ਮਿਲਣ ਦਿੱਤਾ ਗਿਆ। ਅੱਜ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਦੇ ਆਗੂਆਂ, ਜੱਗੀ ਦੇ ਰਿਸ਼ਤੇਦਾਰਾਂ ਤੇ ਹੋਰਾਂ ਨੇ ਵਿਦੇਸ਼ ਸਕੱਤਰ ਅਤੇ ਕਾਮਨਵੈਲਥ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਜੱਗੀ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ।
ਉਨ੍ਹਾਂ ਪੰਜਾਬ ਪੁਲੀਸ ਵੱਲੋਂ ਕੀਤੇ ਗਏ ਅਣਮਨੁੱਖੀ ਵਤੀਰੇ ਦੀ ਨਿੰਦਾ ਕੀਤੀ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਜੱਗੀ ਦਾ ਵਿਆਹ 18 ਅਕਤੂਬਰ ਨੂੰ ਹੋਇਆ ਸੀ। ਮੋਗਾ ਪੁਲੀਸ ਤੇ ਹੋਰ ਏਜੰਸੀਆਂ ਨੇ 4 ਨਵੰਬਰ ਨੂੰ ਉਸ ਨੂੰ ਰਾਮਾ ਮੰਡੀ ਜਲੰਧਰ ਤੋਂ ਉਦੋਂ ਚੁਕ ਲਿਆ ਸੀ ਜਦੋਂ ਉਹ ਪਤਨੀ ਅਤੇ ਭੈਣ ਨਾਲ ਚੰਡੀਗੜ੍ਹ ਜਾ ਰਿਹਾ ਸੀ।