ਤਹਿਰਾਨ, ਹਜ਼ਾਰਾਂ ਔਰਤਾਂ ਨੇ ਸਭ ਤੋਂ ਵੱਡੇ ਫੁਟਬਾਲ ਸਟੇਡੀਅਮ ਵਿੱਚ ਵਿਸ਼ਵ ਕੱਪ ਮੈਚ ਵੇਖਿਆ। ਇਹ ਪਹਿਲਾ ਮੌਕਾ ਹੈ, ਜਦੋਂ ਉਨ੍ਹਾਂ ਨੂੰ ਸਟੇਡੀਅਮ ਵਿੱਚ ਮੈਚ ਵੇਖਣ ਦੀ ਇਜਾਜ਼ਤ ਮਿਲੀ। ਇਰਾਨ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਵਜੂਦ ਇਹ ਇਨ੍ਹਾਂ ਔਰਤਾਂ ਦੀ ਆਜ਼ਾਦੀ ਦੀ ਜਿੱਤ ਸੀ। ਔਰਤਾਂ ਕਾਫ਼ੀ ਜੋਸ਼ ਵਿੱਚ ਸਨ ਅਤੇ ਉਨ੍ਹਾਂ ਨੇ ਆਪਣੀ ਗਰਦਨ ਦੇ ਉਪਰਲੇ ਹਿੱਸੇ ਨੂੰ ਕੌਮੀ ਝੰਡੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਸੀ। ਇਨ੍ਹਾਂ ਔਰਤਾਂ ਨੇ ਇੱਕ ਲੱਖ ਦਰਸ਼ਕਾਂ ਦੀ ਸਮਰੱਥਾ ਵਾਲੇ ਆਜ਼ਾਦੀ ਸਟੇਡੀਅਮ ਵਿੱਚ ‘ਲਾਈਵ ਸਕ੍ਰੀਨਿੰਗ’ ਤੱਕ ਪਹੁੰਚ ਕੇ ਵਿਖਾ ਦਿੱਤਾ ਕਿ ਵਿਸ਼ਵ ਕੱਪ ਦਾ ਜਾਦੂ ਉਨ੍ਹਾਂ ਦੇ ਵੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਰਾਨੀ ਔਰਤਾਂ ਨੂੰ 1979 ਦੇ ਇਸਲਾਮਿਕ ਇਨਕਲਾਬ ਮਗਰੋਂ ਖੇਡ ਸਟੇਡੀਅਮਾਂ ਵਿੱਚ ਆਉਣ ਦੀ ਮਨਾਹੀ ਸੀ। ਇਹ ਖੁਸ਼ੀ ਹਾਲਾਂਕਿ ਉਸ ਸਮੇਂ ਹੰਝੂਆਂ ਵਿੱਚ ਬਦਲ ਗਈ, ਜਦੋਂ ਇਰਾਨ ਆਖ਼ਰੀ ਮੌਕੇ ਪੁਰਤਗਾਲ ਖ਼ਿਲਾਫ਼ ਗੋਲ ਦਾਗ਼ਣ ਤੋਂ ਖੁੰਝ ਗਿਆ।