ਮੋਸੂਲ, 28 ਸਤੰਬਰ
ਉੱਤਰੀ ਇਰਾਕ ’ਚ ਈਸਾਈ ਭਾਈਚਾਰੇ ਦੇ ਵਿਆਹ ਸਮਾਗਮ ਦੌਰਾਨ ਚਲਾਈ ਗਈ ਆਤਿਸ਼ਬਾਜ਼ੀ ਕਾਰਨ ਮਹਿਮਾਨਾਂ ਨਾਲ ਭਰੇ ਭਵਨ ’ਚ ਭਿਆਨਕ ਅੱਗ ਲੱਗ ਗਈ ਜਿਸ ’ਚ 100 ਵਿਅਕਤੀ ਮਾਰੇ ਗਏ ਅਤੇ 150 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਹੈ। ਪ੍ਰਧਾਨ ਮੰਤਰੀ ਮੁਹੰਮਦ ਸ਼ਿਆ ਅਲ-ਸੁਦਾਨੀ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਘਟਨਾ ਇਰਾਕ ਦੇ ਨਨਵਿੇ ਪ੍ਰਾਂਤ ਦੇ ਹਮਦਾਨੀਆ ਇਲਾਕੇ ’ਚ ਵਾਪਰੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਕ ਟੀਵੀ ਨਿਊਜ਼ ਚੈਨਲ ’ਤੇ ਨਸ਼ਰ ਹੋ ਰਹੀ ਫੁਟੇਜ ’ਚ ਵਿਆਹ ਵਾਲੀ ਥਾਂ ’ਤੇ ਆਤਿਸ਼ਬਾਜ਼ੀ ਦੀਆਂ ਆਵਾਜ਼ਾਂ ਸੁਣ ਰਹੀਆਂ ਹਨ ਅਤੇ ਇਕ ਝੂਮਰ ’ਚ ਅੱਗ ਲਗਦੀ ਦਿਖ ਰਹੀ ਹੈ। ਫੁਟੇਜ ’ਚ ਘਟਨਾ ਮਗਰੋਂ ਖਿੰਡਿਆ ਹੋਇਆ ਮਲਬਾ, ਟੀਵੀ ਦੇ ਕੈਮਰੇ ਅਤੇ ਉਥੋਂ ਜਾ ਰਹੇ ਲੋਕਾਂ ਦੇ ਮੋਬਾਈਲ ਫੋਨ ਦੀ ਰੌਸ਼ਨੀ ਦਿਖਾਈ ਦੇ ਰਹੀ ਹੈ। ਟੀਵੀ ਚੈਨਲ ਦੀ ਇਕ ਹੋਰ ਫੁਟੇਜ ’ਚ ਦਿਖਾਇਆ ਗਿਆ ਹੈ ਕਿ ਡਾਂਸ ਫਲੋਰ ’ਤੇ ਲਾੜਾ-ਲਾੜੀ ਨੇ ਜਦੋਂ ਡਾਂਸ ਕਰਨਾ ਸ਼ੁਰੂ ਕੀਤਾ ਤਾਂ ਉਥੇ ਅੱਗ ਲੱਗ ਗਈ। ਉਂਜ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਦੋਵੇਂ ਜ਼ਖ਼ਮੀ ਹੋਏ ਲੋਕਾਂ ’ਚ ਸ਼ਾਮਲ ਹਨ ਜਾਂ ਨਹੀਂ। ਹਾਦਸੇ ’ਚ ਜ਼ਖ਼ਮੀ ਹੋਈ ਇਕ ਮਹਿਲਾ ਨੇ ਟੀਵੀ ਚੈਨਲ ਨੂੰ ਹਸਪਤਾਲ ’ਚ ਦੱਸਿਆ ਕਿ ਉਥੇ ਡਾਂਸ ਦੌਰਾਨ ਅਜਿਹੀ ਚੀਜ਼ ਜਲਾਈ ਗਈ ਜਿਸ ਨਾਲ ਅੱਗ ਲੱਗ ਗਈ। ਇਕ ਹੋਰ ਵਿਅਕਤੀ ਨੇ ਕਿਹਾ ਕਿ ਡਾਂਸ ਦੌਰਾਨ ਆਤਿਸ਼ਬਾਜ਼ੀ ਚਲਾਈ ਗਈ ਅਤੇ ਉਹ ਛੱਤ ਤੱਕ ਪਹੁੰਚੀ ਜਿਸ ਮਗਰੋਂ ਅੱਗ ਲੱਗ ਗਈ। ਨਨਵਿੇ ਪ੍ਰਾਂਤ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 114 ਹੋ ਗਈ ਹੈ। ਉਂਜ ਸੰਘੀ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ 100 ਹੀ ਦੱਸੀ ਹੈ।