ਚੰਡੀਗੜ੍ਹ,
ਪੰਜਾਬ ਵਜ਼ਾਰਤ ਨੇ ਇਰਾਕ ਦੇ ਮੌਸੂਲ ਵਿੱਚ ਮਾਰੇ ਗਏ 26 ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਤਰਸ ਦੇ ਆਧਾਰ ਉਤੇ ਮਾਲੀ ਮਦਦ ਅਤੇ ਰੁਜ਼ਗਾਰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨੌਕਰੀ ਮਿਲਣ ਤਕ ਪੀੜਤ ਪਰਿਵਾਰਾਂ ਨੂੰ ਵੀਹ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇਗੀ। ਮੰਤਰੀ ਮੰਡਲ ਨੇ ਤੇਲ ਸੋਧ ਕਾਰਖਾਨੇ ਬਠਿੰਡਾ ਅਤੇ ਕੁਆਰਕ ਸਿਟੀ ਮੁਹਾਲੀ ਨੂੰ ਰਿਆਇਤਾਂ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਇਰਾਕ ਵਿਚ ਮਾਰੇ ਗਏ 26 ਪੰਜਾਬੀਆਂ ਦੇ ਪਰਿਵਾਰਾਂ ਦੇ  ਮੈਂਬਰਾਂ ਨੂੰ ਪੰਜ ਲੱਖ ਰੁਪਏ ਐਕਸ-ਗ੍ਰੇਸ਼ੀਆ ਦੇ ਹਿਸਾਬ ਨਾਲ 1.30 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮਾਰੇ ਗਏ ਇਕ ਵਿਅਕਤੀ ਦਾ ਕਾਨੂੰਨੀ ਤੌਰ ’ਤੇ ਕੋਈ ਵਾਰਿਸ ਨਹੀਂ ਹੈ ਤੇ ਇਸ ਲਈ 26 ਵਾਰਸਾਂ ਨੂੰ ਸਹਾਇਤਾ ਦਿੱਤੀ ਹੈ। ਪੀੜਤ ਪਰਿਵਾਰਾਂ ਦੇ ਦੁੱਖ ਅਤੇ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਕੈਬਨਿਟ ਨੇ 21 ਨਵੰਬਰ, 2002 ਵਿੱਚ ਨੋਟੀਫਾਈ ਕੀਤੀ ਗਈ ਸੂਬਾਈ ਸਰਕਾਰ ਦੀ ਮੌਜੂਦਾ ਨੀਤੀ ਵਿੱਚ ਢਿੱਲ ਦੇਣ ਦਾ ਫ਼ੈਸਲਾ ਕੀਤਾ। ਹਾਲਾਂਕਿ ਇਸ ਨੀਤੀ ਦੀਆਂ ਬਾਕੀ ਸ਼ਰਤਾਂ ਬਰਕਰਾਰ ਰਹਿਣਗੀਆਂ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਮੰਤਰੀਆਂ ਦਾ ਸਵਾਗਤ ਕਰਦੇ ਹੋਏ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਕੀਤੀ। ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਸਟਾਫ ਨਰਸਾਂ ਦੀ ਭਾਰੀ ਕਮੀ ਦੇ ਕਾਰਨ ਮੰਤਰੀ ਮੰਡਲ ਨੇ ਠੇਕੇ ਦੇ ਆਧਾਰ ’ਤੇ ਸਟਾਫ ਨਰਸਾਂ ਦੀਆਂ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਨੇ 462 ਪ੍ਰਵਾਨਿਤ ਅਸਾਮੀਆਂ ’ਚੋਂ  282 ਅਸਾਮੀਆਂ ਦੀ ਚੋਣ ਪਿਛਲੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਚੋਣ ਜ਼ਾਬਤਾ ਲੱਗ ਜਾਣ ਕਾਰਨ ਇਹ ਪ੍ਰਕਿਰਿਆ ਸਿਰੇ ਨਹੀਂ ਚੜ੍ਹੀ ਸੀ।
ਮੰਤਰੀ ਮੰਡਲ ਨੇ ਮੈਸਰਜ਼ ਕੁਆਰਕ ਸਿਟੀ ਇੰਡੀਅਨ ਪ੍ਰਾਈਵੇਟ ਲਿਮਟਡ ਨਾਲ ਸਮਝੌਤੇ ਨੂੰ ਸੋਧ ਕੇ ਇਸ ਦੀ ਮਿਆਦ 3 ਨਵੰਬਰ, 2023 ਤੋਂ ਵਧਾ ਕੇ 2 ਨਵੰਬਰ, 2030 ਤੱਕ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।  2003 ਵਿੱਚ ਸਹੀਬੰਦ ਕੀਤੇ ਇਸ  ਸਮਝੌਤੇ ਅਨੁਸਾਰ ਘੱਟੋ-ਘੱਟ ਮਿਆਦੀ ਪੂੰਜੀ ਨਿਵੇਸ਼ 500 ਕਰੋੜ ਰੁਪਏ ਦਾ ਲੋੜੀਂਦਾ ਸੀ ਜਿਸ ਵਿਚੋਂ ਅੱਜ ਤੱਕ 320 ਕਰੋੜ ਰੁਪਏ ਦਾ  ਨਿਵੇਸ਼ ਕੀਤਾ ਗਿਆ ਹੈ। ਇਹ ਪ੍ਰੋਜੈਕਟ ਆਈ ਟੀ/ਆਈਟੀ ਨਾਲ ਸਬੰਧਤ ਸੇਵਾ ਉਦਯੋਗ ’ਤੇ ਕੇਂਦਰਤ ਹੈ। ਮੰਤਰੀ ਮੰਡਲ ਨੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਇਸ ਸਾਲ 31 ਅਕਤੂਬਰ ਤੱਕ ਵਾਧਾ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਾਲ ਦੋ ਅਕਤੂਬਰ ਨੂੰ ਕੇਂਦਰ ਸਰਕਾਰ ਦੀ ਨਵੀਂ ਸਿਹਤ ਬੀਮਾ ਯੋਜਨਾ ਆ ਜਾਵੇਗੀ ਤੇ ਉਸ ਨੂੰ ਲਾਗੂ ਕੀਤਾ ਜਾਵੇਗਾ। ਕੇਂਦਰੀ ਸਕੀਮ ਤਹਿਤ ਸਮਾਜਿਕ-ਆਰਥਿਕ ਜਾਤੀ ਜਨਗਣਨਾ-2011 ਵਿੱਚ ਆਉਂਦੇ ਗਰੀਬ ਤੇ ਕਮਜ਼ੋਰ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਸਿਹਤ ਬੀਮਾ ਮੁਹੱਈਆ ਕਰਵਾਇਆ ਜਾਣਾ ਹੈ।
ਮੰਤਰੀ ਮੰਡਲ ਨੇ  ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਿਡ ਵੱਲੋਂ ਸਥਾਪਤ ਕੀਤੇ  ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪ੍ਰਾਜੈਕਟ, ਬਠਿੰਡਾ ਨੂੰ ਅਦਾ ਕੀਤੇ ਜਾਣ ਵਾਲੇ ਵਿਆਜ਼ ਮੁਕਤ ਕਰਜ਼ੇ ਦੇ 1240 ਕਰੋੜ ਰੁਪਏ ਦੇ ਯਕਮੁਸ਼ਤ ਨਿਪਟਾਰੇ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਹ ਰਾਸ਼ੀ ਕੇਂਦਰੀ ਵਿਕਰੀ ਕਰ ਦੀ ਇਕੱਤਰ ਕੀਤੀ ਰਾਸ਼ੀ ਦਿੱਤੀ ਜਾਵੇਗੀ। 15 ਮਈ ਨੂੰ ਹੋਣ ਵਾਲੀ ਵਜ਼ਾਰਤ ਦੀ ਅਗਲੀ ਮੀਟਿੰਗ ਵਿੱਚ ਸਿਫਾਰਸ਼ਾਂ ਦੀ ਪ੍ਰਵਾਨਗੀ ਲਈ ਜਾਵੇਗੀ। ਮੰਤਰੀ ਮੰਡਲ ਨੇ ਸਿਹਤ ਵਿਭਾਗ ਵਿੱਚ ਚੋਣ ਕਮੇਟੀ ਵੱਲੋਂ ਢੁਕਵੀਂਆਂ ਸੋਧਾਂ ਨਾਲ ਵਾਕ-ਇਨ-ਇੰਟਰਵਿਊ ਰਾਹੀਂ ਮੈਡੀਕਲ ਅਫ਼ਸਰਾਂ (ਸਪੈਸ਼ਲਿਸਟ) ਦੀ ਭਰਤੀ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਜ਼ਿਲਾ ਫਤਹਿਗੜ੍ਹ ਸਾਹਿਬ ਦੇ ਨਗਰ ਚਨਾਰਥਲ ਕਲਾਂ ਨੂੰ ਨਵੀਂ ਸਬ-ਤਹਿਸੀਲ ਬਣਾਉਣ ਦਾ ਫੈਸਲਾ ਲਿਆ ਹੈ ਜਿਸ ਵਿੱਚ 55 ਪਿੰਡ ਸ਼ਾਮਲ ਹੋਣਗੇ।  ਦੀਨਾਨਗਰ ਸਬ-ਤਹਿਸੀਲ ਨੂੰ ਅਪਗ੍ਰੇਡ ਕਰ ਕੇ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ 240 ਮਾਲੀਆ ਪਿੰਡ ਸ਼ਾਮਲ ਹੋਣਗੇ।    ਮੰਤਰੀ ਮੰਡਲ ਨੇ ਪਟਿਆਲਾ ਜ਼ਿਲ੍ਹੇ  ਘਨੌਰ ਬਲਾਕ ਦੀਆਂ 32 ਪੰਚਾਇਤਾਂ ਅਤੇ ਰਾਜਪੁਰਾ ਬਲਾਕ ਦੀਆਂ 56 ਪੰਚਾਇਤਾਂ ਨੂੰ ਤਬਦੀਲ ਕਰਕੇ ਸ਼ੰਭੂ ਕਲਾਂ ਨੂੰ ਨਵਾਂ ਬਲਾਕ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ ।
ਪੰਜਾਬ ਮੰਤਰੀ ਮੰਡਲ ਨੇ ਆਈ ਏ ਐਸ/ਪੀਸੀਐਸ (ਈ ਬੀ) ਅਧਿਕਾਰੀਆਂ ਨੂੰ ਕਾਰਜਕਾਰੀ ਮੈਜਿਸਟ੍ਰੇਟ ਅਤੇ ਸਹਾਇਕ ਕੁਲੈਕਟਰ ਜਾ ਕੁਲੈਕਟਰ ਦੀਆਂ ਸ਼ਕਤੀਆਂ ਦੇਣ ਲਈ ਫ਼ੌਜਦਾਰੀ ਕਾਨੂੰਨ ਅਤੇ ਰੈਵੇਨਿਊ ਲਾਅ ਪੇਪਰਾਂ ਦੀ ਪਾਸ ਫੀਸਦੀ 66.66 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਮੰਡਲ ਨੇ ਸਹਾਇਕ ਕਮਿਸ਼ਨਰ/ਵਧੀਕ ਸਹਾਇਕ ਕਮਿਸ਼ਨਰ ਦੀ ਅਸਾਮੀ ਲਈ ਸਿਵਲ ਸੇਵਾਵਾਂ (ਵਿਭਾਗੀ ਇਮਤਿਹਾਨ) ਪੰਜਾਬ ਰੂਲਜ਼, 2014 ਦੇ ਨਿਯਮ 12 ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।