ਸ੍ਰੀ ਆਨੰਦਪੁਰ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਤਿਹਾਸ ਦੇ ਪਾਠਕ੍ਰਮ ਨਾਲ ਹੋਈ ਛੇੜਛਾੜ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਦੀ ਹੋਈ ਜਿੱਤ ਬਾਰੇ ਕਿਹਾ ਕਿ ਇਹ ਕੋਈ ਜਿੱਤ-ਹਾਰ ਦੀ ਗੱਲ ਨਹੀਂ ਹੈ ਬਲਕਿ ਦੁੱਖ ਦੀ ਗੱਲ ਹੈ ਕਿ ਜੋ ਧਰਤੀ ਜਾਣੀ ਹੀ ਗੁਰੂਆਂ ਦੇ ਨਾਂ ਤੋਂ ਜਾਂਦੀ ਹੈ, ਉੱਤੇ ਹੀ ਬੱਚਿਆਂ ਨੂੰ ਗੁਰੂ ਸਹਿਬਾਨਾਂ ਬਾਰੇ ਇਤਿਹਾਸ ਗ਼ਲਤ ਢੰਗ ਨਾਲ ਪੜ੍ਹਾਇਆ ਜਾ ਰਿਹਾ ਹੈ ਜੋ ਸਰਾਸਰ ਗ਼ਲਤ ਹੈ। ਮੁੱਖ ਮੰਤਰੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਤੁਰੰਤ ਜਾਂਚ ਕਰ ਕੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਬਣਦੀ ਹੈ। ਉਹ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਾਲ 1984 ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਥੇ ਪਹਿਲੀ ਨਵੰਬਰ ਨੂੰ ਅਰਦਾਸ ਦਿਵਸ ਸਮਾਗਮ ਰੱਖੇ ਗਏ ਹਨ ਜਿਨ੍ਹਾਂ ਦੇ ਅੱਜ ਸ੍ਰੀ ਅਖੰਡ ਪਾਠ ਸ਼ੁਰੂ ਕੀਤੇ ਗਏ ਹਨ।
ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਜਾਰੀ ਗਾਈਡਲਾਈਨਜ਼ ਤਹਿਤ ਸਾਰੇ ਮੰਤਰੀਆਂ ’ਤੇ ਜ਼ਾਹਿਰ ਕੀਤੇ ਗਏ ਸ਼ੱਕ ਕਾਰਨ ਸਮੁੱਚੀ ਕੈਪਟਨ ਕੈਬਨਿਟ ਨੂੰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਅਗਵਾਈ ਕਰਨ ਵਾਲੇ ਮੰਤਰੀ ਮੰਡਲ ’ਤੇ ਸ਼ੱਕ ਉਨ੍ਹਾਂ ਨੇ ਨਹੀਂ ਸਗੋਂ ਮੌਜੂਦਾ ਸਰਕਾਰ ਵੱਲੋਂ ਬਣਾਏ ਗਏ ਮਹਿਲਾ ਕਮਿਸ਼ਨ ਨੇ ਜ਼ਾਹਿਰ ਕੀਤਾ ਹੈ। ਇਸ ਤਹਿਤ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਕੋਈ ਵੀ ਵਜ਼ੀਰ ਕਿਸੇ ਸੀਨੀਅਰ ਮਹਿਲਾ ਆਈਏਐੱਸ ਅਧਿਕਾਰੀ ਨੂੰ ਇਕੱਲੇ ਸੱਦ ਕੇ ਗੱਲਬਾਤ ਨਹੀਂ ਕਰ ਸਕਦਾ ਹੈ। ਜੇਕਰ ਸੱਦਣਾ ਵੀ ਹੈ ਤਾਂ ਉਸ ਮੌਕੇ ਇੱਕ ਹੋਰ ਮਹਿਲਾ ਹਾਜ਼ਰ ਹੋਣੀ ਚਾਹੀਦੀ ਹੈ। ਆਪਣੀ ਸਾਖ ਬਚਾਉਣ ਲਈ ਸਾਰੀ ਕੈਬਨਿਟ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।