ਅੰਮ੍ਰਿਤਸਰ, ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਰੂਪੋਸ਼ ਹੋਏ ਚਰਨਜੀਤ ਸਿੰਘ ਚੱਢਾ ਦੀ ਅੱਜ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ, ਜਿਸ ਵਿੱਚ ਉਹ ਇੱਕ ਗੁਰਦੁਆਰੇ ਦੇ ਕੈਂਪਸ ਵਿੱਚ ਵਿਖਾਈ ਦੇ ਰਿਹਾ ਹੈ। ਇਸ ਦੌਰਾਨ ਪੁਲੀਸ ਨੇ ਚੱਢਾ ਦੀ ਗ੍ਰਿਫ਼ਤਾਰੀ ਲਈ ‘ਲੁਕ ਆਊਟ ਸਰਕੁਲਰ’ (ਐਲਓਸੀ) ਜਾਰੀ ਕਰ ਦਿੱਤਾ ਹੈ। ਇੱਥੇ ਦੱਸਣਯੋਗ ਹੈ ਕਿ ਇਸ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਇੱਕ ਔਰਤ ਵੱਲੋਂ ਚੱਢਾ ਅਤੇ ਉਸ ਦੇ ਪੁੱਤਰ ਖਿਲਾਫ਼ ਪੁਲੀਸ ਕੇਸ ਦਰਜ ਕਰਾਇਆ ਗਿਆ ਹੈ। ਇਸ ਮਾਮਲੇ ਵਿੱਚ ਉਸ ਦੇ ਪੁੱਤਰ ਨੂੰ ਹੇਠਲੀ ਅਦਾਲਤ ਤੋਂ ਅੰਤ੍ਰਿ੍ਰਮ ਜ਼ਮਾਨਤ ਮਿਲ ਚੁੱਕੀ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ, ਪਰ ਹੁਣ ਤਕ ਪੁਲੀਸ ਉਸ ਦਾ ਪਤਾ ਲਾਉਣ ਵਿੱਚ ਫਿਲਹਾਲ ਅਸਫ਼ਲ ਰਹੀ ਹੈ।
ਪੁਲੀਸ ਦੇ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਉਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ਲਈ ਐਲਓਸੀ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦੇਸ਼ ਦੇ ਪੁਲੀਸ ਥਾਣਿਆਂ ਨੂੰ ਭੇਜੀ ਜਾ ਰਹੀ ਹੈ।ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਚੱਢਾ ਕੋਟ ਪੈਂਟ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਉਸ ਨੇ ਨਾਭੀ ਰੰਗ ਦੀ ਪੱਗ ਬੰਨ੍ਹੀ ਹੈ। ਉਸ ਦੇ ਨੇੜੇ ਹੀ ਇੱਕ ਕਾਰ ਸੇਵਾ ਵਾਲੀ ਬੱਸ ਦਿਖਾਈ ਦੇ ਰਹੀ ਹੈ। ਉਸ ਕੋਲੋਂ ਲੰਘਦੇ ਲੋਕ ਵੀ ਉਸ ਨੂੰ ਉਤਸੁਕਤਾ ਨਾਲ ਦੇਖਦੇ ਹਨ ਪਰ ਉਹ ਇਸ ਤੋਂ ਬੇਖਬਰ ਦਿਖਾਈ ਦਿੰਦੇ ਹਨ। ਇਹ ਤਸਵੀਰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਦੱਸੀ ਜਾ ਰਹੀ ਹੈ।