ਰੋਮ, 17 ਮਈ
ਮੌਜੂਦਾ ਚੈਂਪੀਅਨ ਐਲਿਨਾ ਸਵਿਤੋਲੀਨਾ ਡਬਲਯੂਟੀਏ ਇਟੈਲੀਅਨ ਓਪਨ ਦੇ ਤੀਜੇ ਗੇੜ ਵਿੱਚ ਪਹੁੰਚ ਗਈ ਹੈ, ਜਦਕਿ ਤਿੰਨ ਵਾਰ ਦੀ ਜੇਤੂ ਮਾਰੀਆ ਸ਼ਾਰਾਪੋਵਾ ਨੂੰ ਆਪਣਾ ਮੁਕਾਬਲਾ ਜਿੱਤਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਚੌਥਾ ਦਰਜਾ ਪ੍ਰਾਪਤ ਸਵਿਤੋਲੀਨਾ ਨੂੰ ਪਹਿਲੇ ਗੇੜ ਵਿੱਚ ਬਾਈ ਮਿਲੀ ਸੀ। ਉਸ ਨੇ ਸਿਰਫ਼ ਤਿੰਨ ਸੈੱਟ ਗੁਆਏ ਅਤੇ 35ਵੀਂ ਦਰਜਾਬੰਦੀ ਵਾਲੀ ਪੇਤਰਾ ਮਾਰਟਿਚ ਨੂੰ 6-1, 6-2 ਨਾਲ ਹਰਾਇਆ। ਦੂਜੇ ਪਾਸੇ, ਸ਼ਾਰਾਪੋਵਾ ਨੂੰ 18ਵਾਂ ਦਰਜਾ ਪ੍ਰਾਪਤ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੂੰ 7-5, 3-6, 6-2 ਨਾਲ ਹਰਾਉਣ ਵਿੱਚ ਕਾਫ਼ੀ ਪਸੀਨਾ ਵਹਾਉਣਾ ਪਿਆ।
ਪੁਰਸ਼ ਵਰਗ ਵਿੱਚ ਬੈਲਜੀਅਮ ਦੇ ਨੌਵਾਂ ਦਰਜਾ ਪ੍ਰਾਪਤ ਡੇਵਿਡ ਗੌਫਿਨ ਨੇ ਮਾਰਕੋ ਸੈਸ਼ਿਨਾਤੋ ਨੂੰ 6-2, 6-2 ਨਾਲ ਮਾਤ ਦਿੱਤੀ। ਕੈਨੇਡਾ ਦੇ ਡੈਨਿਸ ਸ਼ਾਪੋਵਾਲੋਵ ਨੇ ਚੈੱਕ ਗਣਰਾਜ ਦੇ ਥਾਮਸ ਬਰਡੀਚ ਨੂੰ 1-6, 6-3, 7-6 ਨਾਲ ਹਰਾਇਆ।