ਨਵੀਂ ਦਿੱਲੀ, 21 ਜਨਵਰੀ : ਗੋਲਕ ਚੋਰੀ ਦੇ ਦੋਸ਼ਾਂ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਮਨਜੀਤ ਸਿੰਘ ਜੀ. ਕੇ. ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਖਿਲਾਫ ਕੀਤੀ ਦੂਸ਼ਣਬਾਜ਼ੀ ਵਿਰੁੱਧ ਠੋਕਵਾਂ ਜਵਾਬ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਕਿਹਾ ਕਿ ਇਕ ਗੋਲਕ ਚੋਰ ਹੈ ਜਦਕਿ ਦੂਜਾ ਕਾਂਗਰਸ ਸਰਕਾਰ ਦਾ ਸਲਾਹਕਾਰ ਹੈ, ਦੋਵੇਂ ਦਾਅਵੇ ਕਰ ਰਹੇ ਹਨ ਕਿ ਅਸੀਂ ਟਕਸਾਲੀ ਅਕਾਲੀ ਹਾਂ, ਇਹ ਗੱਲ ਸੰਗਤ ਨੂੰ ਦੱਸੀ ਜਾਵੇ ਕਿ ਕਿਵੇਂ ਟਕਸਾਲੀ ਹਨ?

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਵਿਅਕਤੀ ਖਿਲਾਫ ਅਦਾਲਤ ਨੇ ਗੋਲਕ ਚੋਰੀ ਦੇ ਦੋਸ਼ ਤੈਅ ਕੀਤੇ ਹੋਣ, ਉਹ ਦੂਜਿਆਂ ਨੂੰ ਈ. ਡੀ. ਦੀਆਂ ਧਮਕੀਆਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਤੇ ਜੁੰਡਲੀ ਵੱਲੋਂ ਜੋ ਗੋਲਕ ਦੀ ਲੁੱਟ ਖਸੁੱਟ ਕੀਤੀ ਗਈ, ਉਹ ਸੰਗਤ ਨੇ ਮੁਆਫ ਨਹੀਂ ਕੀਤੀ, ਇਹ ਗੱਲ ਜੀ ਕੇ. ਨੂੰ ਭੁੱਲਣੀ ਨਹੀਂ ਚਾਹੀਦੀ।

ਸ੍ਰੀ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਕੋਈ ‘ਜਾਗੋ ਪਾਰਟੀ’ ਨਹੀਂ ਜੋ ਸੋਨੀਆ ਗਾਂਧੀ ਦੇ ਹੁਕਮਾਂ ਅਨੁਸਾਰ ਚੱਲੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਪਰਮਜੀਤ ਸਿੰਘ ਸਰਨਾ ਧਾਰਮਿਕ ਸਲਾਹਕਾਰ ਨਿਯੁਕਤ ਹੋਏ ਹਨ ਤੇ ਉਹਨਾਂ ਨਾਲ ਸਾਂਝ ਪਾ ਕੇ ਆਪਣੇ ਆਪ ਨੂੰ ਤੇ ਸਰਨਾ ਨੂੰ ਟਕਸਾਲੀ ਅਕਾਲੀ ਦੱਸ ਕੇ ਮਨਜੀਤ ਸਿੰਘ ਜੀ. ਕੇ. ਸੰਗਤ ਦੀਆਂ ਅੱਖਾਂ ਵਿਚ ਧੂੜ ਝੋਕਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਸੰਗਤ ਸਭ ਵੇਖ ਰਹੀ ਹੈ ਤੇ ਸੱਚ ਤੋਂ ਜਾਣੂ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਜੋ ਆਗੂ ਕਾਂਗਰਸ ਸਰਕਾਰ ਵਿਚ ਸਲਾਹਕਾਰ ਹੈ ਤੇ ਜੀ. ਕੇ. ਉਸਦਾ ਭਾਈਵਾਲਾ ਹੈ, ਉਹ ਮੌਜੂਦਾ ਚੋਣਾਂ ਵਿਚ ਕਿਹੜੀ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨਗੇ, ਇਸ ਬਾਰੇ ਹਾਲੇ ਵੀ ਕੋਈ ਸ਼ੰਕਾ ਬਾਕੀ ਹੈ ? ਉਹਨਾਂ ਕਿਹਾ ਕਿ ਜਿਹੜੇ ਕੰਮ ਹੀ ਗਾਂਧੀ ਪਰਿਵਾਰ ਦੇ ਇਸ਼ਾਰੇ ‘ਤੇ ਕਰ ਰਹੇ ਹਨ, ਉਹਨਾਂ ਦਾ ਇਕਲੌਤਾ ਮਕਸਦ ਗਾਂਧੀ ਪਰਿਵਾਰ ਨੂੰ ਅੱਗੇ ਹੋ ਕੇ ਟੱਕਰ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੀ ਖਿਲਾਫਤ ਕਰਨਾ ਤੇ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਤੇ ਇਹ ਜ਼ਿੰਮੇਵਾਰੀ ਸ੍ਰੀ ਜੀ. ਕੇ. ਆਪਣੇ ਭਾਈਵਾਲ ਪਰਮਜੀਤ ਸਿੰਘ ਸਰਨਾ ਨਾਲ ਮਿਲ ਕੇ ਖੂਬ ਨਿਭਾ ਰਹੇ ਹਨ।

ਉਹਨਾਂ ਨੇ ਜੀ. ਕੇ. ਨੂੰ ਸਵਾਲ ਕੀਤਾ ਕਿ ਉਹ ਸੰਗਤ ਨੂੰ ਦੱਸਣ ਕਿ ਗੋਲਕ ਚੋਰੀ ਦੇ ਦੋਸ਼ਾਂ ਦਾ ਜਵਾਬ ਹੁਣ ਤੱਕ ਸੰਗਤ ਨੂੰ ਕਿਉਂ ਨਹੀਂ ਦਿੱਤਾ ? ਉਹਨਾਂ ਕਿਹਾ ਕਿ ਜੀ. ਕੇ. ਨੇ ਸਫਰ ਏ ਅਕਾਲੀ ਦੇ ਨਾਂ ‘ਤੇ ਸਮਾਗਮ ਕਰਵਾਇਆ ਜਿਸ ਵਿਚ ਸਰਨਾ ਸਮੇਤ ਸਾਰੇ ਹੀ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਸ਼ਾਮਲ ਹੋਏ, ਇਸ ਤੋਂ ਪ੍ਰਤੱਖ ਹੋ ਗਿਆ ਕਿ ਜੀ. ਕੇ. ਵੀ ਹੁਣ ਸਰਨਾ ਵਾਂਗ ਕਾਂਗਰਸ ਪਾਰਟੀ ਵਿਚ ਸਿੱਧੀ ਜ਼ਿੰਮੇਵਾਰੀ ਚਾਹੁੰਦੇ ਹਨ ਪਰ ਨਾਂ ਅਕਾਲੀ ਦਲ ਦਾ ਲੈ ਕੇ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।

ਮਨਜੀਤ ਸਿੰਘ ਜੀ. ਕੇ. ਨੂੰ ਖੁਲੀ ਚੁਣੌਤੀ ਦਿੰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਡੱਟ ਕੇ ਖੜੀ ਹੈ ਤੇ ਇਸਦਾ ਪਤਾ ਲੈਣ ਵਾਸਤੇ ਉਹ ਖੁਦ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲੜ ਕੇ ਦੇਖ ਲੈਣ ਅਤੇ ਇਸ ਵਾਸਤੇ ਸਰਨਾ ਦੀ ਅਗਵਾਈ ਹੇਠ ਸੋਨੀਆ ਗਾਂਧੀ ਦੇ ਹੁਕਮਾਂ ਤਹਿਤ ਨਵਾਂ ਫਰੰਟ ਬਣਾ ਲੈਣ ਕਿਉਂਕਿ ਜਾਗੋ ਪਾਰਟੀ ਦੀ ਅਸਲੀਅਤ ਤਾਂ ਹੁਣ ਜੱਗ ਜਾਹਰ ਹੋ ਚੁੱਕੀ ਹੈ।