ਟੋਰਾਂਟੋ/ਸਟਾਰ ਨਿਊਜ਼: ਤਰਕਸ਼ੀਲ ਸੁਸਾਇਟੀ ਆਫ਼ ਕੈਨੇਡਾ ਵੱਲੋਂ ਬੀਤੇ ਐਤਵਾਰ ਮਿਸੀਸਾਗਾ ਦੇ ਰਾਇਲ ਬੈਂਕੁਅਟ ਹਾਲ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪ੍ਰਵਾਸੀ ਪੰਜਾਬੀ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਤਰਕਸ਼ੀਲ ਕਾਰਕੁਨਾਂ ਵੱਲੋਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਗਿੱਲ (ਰਾਮੂਵਾਲੀਆ) ਅਤੇ ਸਾਰੀ ਉਮਰ ਲੋਕਾਂ ਦੀਆਂ ਸਮੱਸਿਆਂਵਾਂ ਅਤੇ ਉਹਨਾਂ ਦੇ ਹੱਲ ਨੂੰ ਨਾਟਕਾਂ ਰਾਹੀਂ ਲੋਕਾਂ ਵਿੱਚ ਲਿਜਾਣ ਵਾਲੇ ਲੋਕ ਨਾਟਕਕਾਰ ਅਜਮੇਰ ਔਲਖ ਹੋਰਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਵਿਚ ਜਿਥੇ ਇਹਨਾਂ ਦੋਵਾਂ ਹਸਤੀਆਂ ਦੀ ਪੰਜਾਬੀ ਅਵਾਮ ਅਤੇ ਸਾਹਿਤ ਜਗਤ ਨੂੰ ਦੇਣ ਉਤੇ ਭਰਪੂਰ ਚਰਚਾ ਕੀਤੀ ਗਈ ਉਥੇ ਇਨਾ ਦੇ ਨੇੜੇ ਰਹੇ ਵਿਅਕਤੀਆਂ ਵਲੋਂ ਇਹਨਾਂ ਨਾਲ ਬਿਤਾਏ ਪਲਾਂ ਦੀ ਸਾਂਝ ਨੂੰ ਵੀ ਲੋਕਾਂ ਨਾਲ ਸਾਂਝਿਆਂ ਕੀਤਾ ਗਿਆ। ਇਥੇ ਇਹ ਵੀ ਵਰਨਣਯੋਗ ਹੈ ਕਿ ਇਕਬਾਲ ਰਾਮੂਵਾਲੀਆ ਅਤੇ ਅਜਮੇਰ ਔਲਖ ਦੋਵੇਂ ਹੀ ਆਪਣੇ ਆਖਰੀ ਸਮੇਂ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਰਹੇ ਤੇ ਦੋਵਾਂ ਦੇ ਅੰਤਿਮ ਮੌਕੇ ਕੋਈ ਵੀ ਧਾਰਮਿਕ ਰਸਮ ਨਹੀਂ ਸੀ ਕੀਤੀ ਗਈ। ਜਿਥੇ ਅਜਮੇਰ ਔਲਖ ਹੋਰਾਂ ਦੀ ਅੰਤਿਮ ਯਾਤਰਾ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਉਥੇ ਇਕਬਾਲ ਗਿੱਲ ਦੇ ਅੰਤਿਮ ਵਿਦਾਇਗੀ ਮੌਕੇ ਲੋਕਾਂ ਦੀ ਐਨੀ ਭੀੜ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਜਗਾ ਦੀ ਘਾਟ ਕਰਕੇ ਵਾਪਿਸ ਮੁੜਨਾ ਪਿਆ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਸੁਖਦੇਵ ਵੱਲੋਂ ਇਨਕਲਾਬੀ ਗੀਤ ਗਾਉਣ ਨਾਲ ਹੋਈ। ਇਸ ਮਗਰੋਂ ਪਿਆਰਾ ਸਿੰਘ ਪੰਨੂੰ, ਪ੍ਰੋ ਸਰਵਣ ਸਿੰਘ ਢੁਡੀਕੇ ਵੱਲੋਂ ਦੋਹਵਾਂ ਸਾਹਿਤਕਾਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਕਬਾਲ ਗਿੱਲ ਹੋਰਾਂ ਦੀਆਂ ਜੌੜੀਆਂ ਬੱਚੀਆਂ ਸੁੱਖੀ ਤੇ ਕਿੰਨੂੰ ਨੇ ਆਪਣੇ ਬਾਪ ਨਾਲ ਜੁੜੀਆਂ ਕਿੰਨੀਆਂ ਹੀ ਯਾਦਾਂ ਸਾਂਝੀਆਂ ਕਰਕੇ ਬਹੁਤ ਸਾਰੀਆਂ ਅੱਖਾਂ ਨੂੰ ਨਮ ਤੇ ਮਾਹੌਲ ਨੂੰ ਜ਼ਜ਼ਬਾਤੀ ਬਣਾ ਦਿੱਤਾ। ਨਾਟਕਕਾਰ ਹੀਰਾ ਰੰਧਾਵਾ ਨੇ ਅਜਮੇਰ ਸਿੰਘ ਔਲਖ ਹੋਰਾਂ ਨੂੰ ‘ਮਾਲਵੇ ਦੀਆਂ ਰੋਹੀਆਂ ਦੇ ਕੇਸੂ’ ਅਤੇ ਇਕਬਾਲ ਗਿੱਲ ਨੂੰ ‘ਟੋਰਾਂਟੋ ਦੇ ਲਾਈਟ ਹਾਊਸ’ ਨਾਲ ਤਸ਼ਬੀਹ ਦੇ ਕੇ ਦੋਹਾਂ ਦੀਆਂ ਲੋਕਾਂ ਨਾਲ ਕਲਾ ਤੇ ਸਾਹਿਤ ਦੇ ਖ਼ੇਤਰ ਵਿੱਚ ਪਾਏ ਯੋਗਦਾਨ ਦਾ ਜ਼ਿਕਰ ਕਰਨ ਉਪਰੰਤ ਸ਼ਰਧਾਂਜ਼ਲੀ ਭੇਂਟ ਕੀਤੀ। ਪੂਰਨ ਸਿੰਘ ਪਾਂਧੀ ਹੋਰਾਂ ਨੇ ਬਾਪੂ ਕਰੈਨਲ ਪਾਰਸ ਰਾਮੂਵਾਲੀਆ ਤੇ ਇਕਬਾਲ ਗਿੱਲ ਹੋਰਾਂ ਨਾਲ ਦਹਾਕਿਆਂ ਬੱਧੀ ਗੁਜ਼ਾਰੇ ਵਕਤ ਸਮੇਂ ਉਹਨਾਂ ਦੇ ਲੋਕ ਹਿੱਤੂ ਕਾਰਜਾਂ ਬਾਰੇ ਦੱਸਿਆ ਗਿਆ। ਇਸ ਮਗਰੋਂ ਬਲਦੇਵ ਸਿੰਘ ਮੁੱਟਾ, ਮਲਕੀਤ ਸਿੰਘ ਦਾਖਾ, ਡਾ ਸੁਖਦੇਵ ਝੰਡ, ਸਾਰੋਕਾਰਾਂ ਦੇ ਹਰਬੰਸ ਸਿੰਘ, ਨਾਟਕਰਮੀ ਜਸਪਾਲ ਢਿਲੋਂ ਤੇ ਬਲਜਿੰਦਰ ਲੇਲਨਾ, ਰਾਜਿੰਦਰ ਸੈਣੀ ਪਰਵਾਸੀ,  ਡਾ ਹਰਦੀਪ, ਡਾ ਭਾਨ ਗਰਗ, ਕਰਮਜੀਤ ਕੌਰ, ਬਲਜਿੰਦਰ ਸੇਖਾ, ਜਗੀਰ ਕਾਹਲੋਂ, ਆਦਿ ਨੇ ਭਾਵਪੂਰਤ ਸ਼ਬਦਾਂ ਵਿੱਚ ਦੋਹਾਂ ਸਾਹਿਤਕਾਰਾਂ ਨੂੰ ਸ਼ਰਧਾਂਜ਼ੀਆਂ ਅਰਪਿਤ ਕੀਤੀਆਂ। ਇਸ ਸਮਾਗਮ ਵਿੱਚ ਇਕਬਾਲ ਗਿੱਲ ਹੋਰਾਂ ਦੀ ਜੀਵਨ ਸਾਥਣ ਸੁਖਸਾਗਰ ਅਤੇ ਭਰਾ ਰਛਪਾਲ ਗਿੱਲ ਸਮੇਤ ਪਰਿਵਾਰ ਦੇ ਬਾਕੀ ਜੀਅ ਵੀ ਹਾਜ਼ਰ ਸਨ। ਟੋਰਾਂਟੋ ਖ਼ੇਤਰ ਦੇ ਸਮੁੱਚੇ ਮੀਡੀਏ ਤੋਂ ਕਵਰੇਜ ਕਰਨ ਲਈ ਨੁਮਾਇੰਦੇ ਹਾਜ਼ਰ ਸਨ ਜਿੰਨਾਂ ਦਾ ਸਟੇਜ ਤੋਂ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਤਰਕਸ਼ੀਲ ਸੋਸਾਇਟੀ ਦੇ ਬੁਲਾਰੇ ਤੇ ਸਟੇਜ ਸਕੱਤਰ ਚਰਨਜੀਤ ਬਰਾੜ ਨੇ ਦੱਸਿਆ ਕਿ 22 ਅਕਤੂਬਰ 2017 ਨੂੰ ਬਰੈਂਪਟਨ ਦੇ ਰੋਜ਼ ਥੀਏਟਰ ਵਿੱਚ ਨਾਟ ਸੰਸਥਾ ‘ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼’ (ਹੈਟਸ-ਅੱਪ) ਵੱਲੋਂ ਦੋਹਾਂ ਹਸਤੀਆਂ ਨੂੰ ਸਮਰਪਿਤ ਕੁਲਵਿੰਦਰ ਖ਼ਹਿਰਾ ਦੇ ਲਿਖੇ ਨਾਟਕ ‘ਗੋਲਡਨ ਟ੍ਰੀ’ ਦਾ ਮੰਚਣ ਕੀਤਾ ਜਾਵੇਗਾ।