ਇੰਗਲੈਂਡ ਨੂੰ 57 ਦੌਡ਼ਾਂ ਨਾਲ ਹਰਾਇਆ; ਮੈੱਗ ਲੈਨਿੰਗ ਬਣੀ ‘ਪਲੇਅਰ ਆਫ ਦਿ ਮੈਚ’
ਮੁੰਬਈ, 31 ਮਾਰਚ
ਗੇਂਦ ਵਿਵਾਦ ਵਿੱਚ ਫਸੇ ਆਸਟਰੇਲੀਆ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰਦਿਆਂ ਮਹਿਲਾ ਟੀਮ ਨੇ ਇੰਗਲੈਂਡ ਨੂੰ ਅੱਜ 57 ਦੌਡ਼ਾਂ ਨਾਲ ਹਰਾ ਕੇ ਤਿਕੋਣੀ ਟੀ-20 ਲਡ਼ੀ ਦਾ ਖ਼ਿਤਾਬ ਜਿੱਤ ਲਿਆ ਹੈ। ਆਸਟਰੇਲਿਆਈ ਖਿਡਾਰਨਾਂ ਨੇ 2015 ਮਗਰੋਂ ਇਹ ਪਹਿਲੀ ਟੀ-20 ਲਡ਼ੀ ਜਿੱਤੀ ਹੈ। ਆਸਟਰੇਲਿਆਈ ਕ੍ਰਿਕਟ ਆਪਣੇ ਤਿੰਨ ਪੁਰਸ਼ ਖਿਡਾਰੀਆਂ ਸਟੀਵਨ ਸਮਿੱਥ, ਡੇਵਿਡ ਵਾਰਨਰ ਅਤੇ ਕੈਮਰਨ ਬੈਨਕਰੌਫਟ ਦੇ ਗੇਂਦ ਵਿਵਾਦ ਵਿੱਚ ਫਸਣ ਅਤੇ ਉਨ੍ਹਾਂ ’ਤੇ ਪਾਬੰਦੀ ਲੱਗਣ ਕਾਰਨ ਸਦਮੇ ਵਿੱਚ ਹੈ। ਆਸਟਰੇਲਿਆਈ ਖਿਡਾਰਨਾਂ ਦੀ ਇਹ ਜਿੱਤ ਉਨ੍ਹਾਂ ਦੇ ਦੇਸ਼ ਲਈ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦਾ ਕੰਮ ਕਰੇਗੀ। ਆਸਟਰੇਲੀਆ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ’ਤੇ 209 ਦੌਡ਼ਾਂ ਬਣਾਈਆਂ ਜਦਕਿ ਇੰਗਲੈਂਡ ਦੀ ਟੀਮ ਨੌਂ ਵਿਕਟਾਂ ’ਤੇ 152 ਦੌਡ਼ਾਂ ਹੀ ਬਣਾ ਸਕੀ। ਆਸਟਰੇਲਿਆਈ ਕਪਤਾਨ ਮੈੱਗ ਲੈਨਿੰਗ ਨੇ 16 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ ਨਾਬਾਦ 88 ਦੌਡ਼ਾਂ ਦੀ ਸ਼ਾਨਦਾਰ ਪਾਰੀ ਖੇਡੀ। ਆਸਟਰੇਲਿਆਈ ਕਪਤਾਨ ਨੂੰ ‘ਪਲੇਅਰ ਆਫ ਦਿ ਮੈਚ’ ਅਤੇ ਆਸਟਰੇਲਿਆਈ ਦੀ ਹੀ ਮੈਗਨ ਸ਼ੱਟ ਨੂੰ ‘ਪਲੇਅਰ ਆਫ ਦਿ ਸੀਰੀਜ਼’ ਦਾ ਖ਼ਿਤਾਬ ਮਿਲਿਆ। ਇਸ ਟੂਰਨਾਮੈਂਟ ਦੀ ਤੀਜੀ ਟੀਮ ਮੇਜ਼ਬਾਨ ਭਾਰਤ ਸੀ ਜੋ ਆਪਣੇ ਚਾਰ ਲੀਗ ਮੈਚਾਂ ਵਿੱਚ ਸਿਰਫ਼ ਇੱਕ ਮੈਚ ਹੀ ਜਿੱਤ ਸਕੀ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੈੱਗ ਲੈਨਿੰਗ ਨੇ ਨਾਬਾਦ 88 ਅਤੇ ਐਲਿਸ ਵਿਲਾਨੀ ਨੇ 51 ਦੌਡ਼ਾਂ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਨੇ ਚਾਰ ਵਿਕਟਾਂ ’ਤੇ 209 ਦੌਡ਼ਾਂ ਦਾ ਵੱਡਾ ਸਕੋਰ ਖਡ਼੍ਹਾ ਕੀਤਾ, ਜੋ ਮਹਿਲਾ ਟੀ-20 ਕੌਮਾਂਤਰੀ ਦਾ ਸਰਵੋਤਮ ਸਕੋਰ ਵੀ ਹੈ। ਇਸ ਤਰ੍ਹਾਂ ਉਸ ਨੇ ਦੱਖਣੀ ਅਫਰੀਕਾ ਵੱਲੋਂ 2010 ਵਿੱਚ ਨੀਦਰਲੈਂਡ ਖ਼ਿਲਾਫ਼ ਬਣਾਏ ਇੱਕ ਵਿਕਟ ’ਤੇ 204 ਦੌਡ਼ਾਂ ਸਕੋਰ ਦਾ ਪਿੱਛਾ ਕੀਤਾ। ਇਸ ਮਗਰੋਂ ਅਾਸਟਰੇਲੀਆ ਨੇ ਗੇਂਦਬਾਜ਼ੀ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਇੰਗਲੈਂਡ ਨੂੰ ਨੌਂ ਵਿਕਟਾਂ ’ਤੇ 152 ਦੌਡ਼ਾਂ ਹੀ ਬਣਾਉਣ ਦਿੱਤੀਆਂ ਅਤੇ ਆਸਾਨ ਮੈਚ ਜਿੱਤ ਲਿਆ। ਇੰਗਲੈਂਡ ਵੱਲੋਂ ਨਟਾਲੀ ਸਕਿਵਰ ਨੇ 50, ਡੇਨੀਅਲੀ ਵਾਟ ਨੇ 34 ਅਤੇ ਐਮੀ ਜੌਨਸ ਨੇ 30 ਦੌਡ਼ਾਂ ਬਣਾਈਆਂ।