ਮੈਲਬੌਰਨ, 14 ਜਨਵਰੀ
ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੋਨੋਂ ਸੋਮਵਾਰ ਨੂੰ ਆਸਟਰੇਲਿਆਈ ਓਪਨ ਵਿਚ ਰਿਕਾਰਡ ਸੱਤਵਾਂ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰਨਗੇ ਜਦੋਂ ਕਿ ਸਕਾਟਿਸ਼ ਐਂਡੀ ਮੱਰੇ ਮੈਲਬੌਰਨ ਪਾਰਕ ਵਿਚ ਆਖ਼ਰੀ ਵਾਰ ਚੁਣੌਤੀ ਪੇਸ਼ ਕਰਦਾ ਦਿਖਾਈ ਦੇਵੇਗਾ। ਦੁਨੀਆਂ ਦੇ ਨੰਬਰ ਇੱਕ ਖਿਡਾਰੀ ਜੋਕੋਵਿਚ ਅਤੇ ਤਿੰਨ ਨੰਬਰ ਦੇ ਖਿਡਾਰੀ ਫੈਡਰਰ ਨੂੰ ਚੌਥਾ ਦਰਜਾ ਅਲੈਗਜੈਂਡਰ ਜਵੇਰੇਵ ਵਰਗੇ ਖਿਡਾਰੀਆਂ ਤੋਂ ਸਖ਼ਤ ਚੁਣੌਤੀ ਮਿਲੇਗੀ। ਜਵੇਰੇਵ ਪਹਿਲਾ ਗਰੈਂਡ ਸਲੈਮ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਉੱਤਰੇਗਾ। ਮੱਰੇ ਨੇ ਆਸਟਰੇਲੀਆ ਓਪਨ ਤੋਂ ਪਹਿਲਾਂ ਪ੍ਰੈਸਕਾਨਫਰੰਸ ਕਰਕੇ ਕਿਹਾ ਹੈ ਕਿ ਉਹ ਚੂਲੇ ਦੀ ਸੱਟ ਤੋਂ ਨਾ ਉਭਰਨ ਕਾਰਨ ਪ੍ਰੇਸ਼ਾਨ ਹੈ ਅਤੇ ਉਹ ਅੰਤਰਰਾਸ਼ਟਰੀ ਪੇਸ਼ੇਵਰ ਟੈਨਿਸ ਤੋਂ ਵਿਦਾਈ ਲੈਣ ਬਾਰੇ ਸੋਚ ਰਿਹਾ ਹੈ। ਸਰਜਰੀ ਤੋਂ ਬਾਅਦ ਵੀ ਪੂਰੀ ਤਰ੍ਹਾਂ ਠੀਕ ਨਾ ਹੋਣ ਕਾਰਨ ਉਹ ਇਸ ਸਾਲ ਵਿਚ ਸੰਨਿਆਸ ਲੈ ਸਕਦਾ ਹੈ। ਉਸ ਨੇ ਕਿਹਾ ਸੀ ਕਿ ਉਹ ਵਿੰਬਲਡਨ ਨਾਲ ਆਪਣੇ ਕਰੀਅਰ ਦਾ ਅੰਤ ਕਰਨਾ ਚਾਹੁੰਦਾ ਸੀ ਪਰ ਸ਼ਾਇਦ ਆਸਟਰੇਲੀਆ ਓਪਨ ਹੀ ਉਸਦਾ ਆਖ਼ਰੀ ਟੂਰਨਾਮੈਂਟ ਹੋਵੇ। ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਰਾਫਾਲ ਨਡਾਲ ਦੀ ਫਿੱਟਨੈੱਸ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਾ ਹੋਇਆ ਹੈ। ਉਹ ਫਿਟਨੈੱਸ ਕਾਰਨ ਹੀ ਬ੍ਰਿਸਬਨ ਟੂਰਨਾਮੈਂਟ ਤੋਂ ਹਟ ਗਿਆ ਸੀ। ਹੁਣ ਉਸ ਨੇ ਦਾਅਵਾ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਨਵੀਂ ਤਰ੍ਹਾਂ ਦੀ ਸਰਵਿਸ ਦੇ ਨਾਲ ਟੂਰਨਾਮੈਂਟ ਵਿਚ ਉੱਤਰੇਗਾ। ਅਜਿਹਾ ਜਾਪਣ ਲੱਗਾ ਹੈ ਕਿ ਬਿੱਗ ਫੋਰ ਦਾ ਯੁੱਗ ਖਤਮ ਹੋਣ ਨੇੜੇ ਪੁੱਜ ਗਿਆ ਹੈ।
ਫੈਡਰਰ ਆਪਣੀ ਮੁਹਿੰਮ ਦੀ ਸ਼ੁਰੂਆਤ ਸੋੋਮਵਾਰ ਨੂੰ ਰੋਡ ਲੇਵਰ ਅਰੇਨਾ ਵਿਚ ਡੈਨਿਸ ਈਸਤੋਮਿਨ ਦੇ ਵਿਰੁੱਧ ਕਰੇਗਾ। ਇਸ ਮੈਦਾਨ ਵਿਚ ਹੀ ਫੈਡਰਰ ਨੇ ਆਪਣਾ 20ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਉਸ ਨੇ ਛੇ ਵਾਰ ਦੇ ਚੈਂਪੀਅਨ ਜੋਕੋਵਿਚ ਅਤੇ ਰਾਏ ਐਮਰਸਨ ਦੀ ਬਰਾਬਰੀ ਕੀਤੀ ਸੀ। ਜੋਕੋਵਿਚ 2018 ਵਿਚ ਹਾਲਾਂ ਕਿ ਟੂਰਨਾਮੈਂਟ ਵਿਚੋਂ ਜਲਦੀ ਬਾਹਰ ਹੋ ਗਿਆ ਸੀ ਅਤੇ ਫਿਰ ਉਸ ਨੂੰ ਕੂਹਣੀ ਦੀ ਸਰਜਰੀ ਵੀ ਕਰਾਉਣੀ ਪਈ। ਇਸ ਤੋਂ ਬਾਅਦ ਖ਼ਰਾਬ ਪ੍ਰਦਰਸ਼ਨ ਕਾਰਨ ਉਹ ਸਿਖ਼ਰਲੇ ਵੀਹ ਖਿਡਾਰੀਆਂ ਦੇ ਗਰੁੱਪ ਵਿਚੋਂ ਵੀ ਬਾਹਰ ਹੋ ਗਿਆ ਸੀ। ਜੋਕੋਵਿਚ ਜੁਲਾਈ ਵਿਚ ਵਿੰਬਲਡਨ ਖ਼ਿਤਾਬ ਜਿੱਤਣ ਨਾਲ ਵਾਪਸੀ ਕਰਨ ਵਿਚ ਕਾਮਯਾਬ ਰਿਹਾ। ਇਸ ਤੋਂ ਬਾਅਦ ਉਸ ਨੇ ਪੂਰੇ ਸਾਲ ਵਿਚ ਸਿਰਫ਼ ਤਿੰਨ ਮੈਚ ਹਾਰ ਕੇ ਸਿਖ਼ਰਲੀ ਦਰਜਾਬੰਦੀ ਹਾਸਲ ਕੀਤੀ ਹੈ। ਉਹ ਏਟੀਪੀ ਫਾਈਨਲਜ਼ ਦੇ ਖ਼ਿਤਾਬੀ ਮੁਕਾਬਲੇ ਵਿਚ ਜਵੈਰੇਵ ਤੋਂ ਹਾਰ ਗਿਆ ਸੀ। ਜੋਕਵਿਚ ਨੂੰ ਮੰਗਲਵਾਰ ਨੂੰ ਅਮਰੀਕਾ ਦਾ ਮਿਸ਼ੇਲ ਕਰੂਗਰ ਟੱਕਰ ਦੇਵੇਗਾ। ਰਾਫਾ ਸੋਮਵਾਰ ਨੂੰ ਆਸਟਰੇਲੀਆ ਦੇ ਵਾਈਲਡ ਕਾਰਡ ਐਂਟਰੀ ਵਾਲੇ ਖਿਡਾਰੀ ਜੇਮਜ਼ ਡੱਕਵਰਥ ਨਾਲ ਖੇਡੇਗਾ।
ਜੋਕੋਵਿਚ ਅਨੁਸਾਰ ਟੂਰਨਾਮੈਂਟ ਦੇ ਉਭਰਦੇ ਖ਼ਿਤਾਬੀ ਦਾਅਵੇਦਾਰਾਂ ਵਿਚ ਜਰਮਨੀ ਦੇ ਜਵੈਰੇਵ, ਕ੍ਰੋਏਸ਼ੀਆ ਦੇ ਬੋਰਨਾ ਕੋਰਿਚ, ਰੂਸ ਦੇ ਕਾਰੇਨ ਖਚਾਨੋਵ ਅਤੇ ਯੂਨਾਨ ਦੇ ਸਟੇਫਾਨੋ ਸਿਤਸਿਪਾਹ ਸ਼ਾਮਲ ਹਨ।