ਮੈਲਬਰਨ, 15 ਜਨਵਰੀ
ਰਾਫੇਲ ਨਡਾਲ ਅਤੇ ਰੋਜਰ ਫੈਡਰਰ ਨੇ ਅੱਜ ਇੱਥੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ, ਪਰ ਐਂਡੀ ਮੱਰੇ ਨੂੰ ਪੰਜ ਸੈੱਟਾਂ ਤੱਕ ਚੱਲੇ ਸੰਘਰਸ਼ਪੂਰਨ ਮੈਚ ਵਿੱਚ ਹਾਰ ਝੱਲਣੀ ਪਈ। ਇਸ ਤਰ੍ਹਾਂ ਇਸ ਖਿਡਾਰੀ ਨੇ ਹਾਰ ਨਾਲ ਸਾਲ ਦੇ ਇਸ ਪਹਿਲੇ ਗਰੈਂਡਸਲੈਮ ਨੂੰ ਅਲਵਿਦਾ ਕਿਹਾ। ਦੂਜੇ ਪਾਸੇ ਮਹਿਲਾ ਵਰਗ ਵਿੱਚ ਸਾਬਕਾ ਚੈਂਪੀਅਨ ਏਂਜਲਿਕ ਕਰਬਰ ਅਤੇ ਮਾਰੀਆ ਸ਼ਾਰਾਪੋਵਾ ਨੇ ਵੀ ਪਹਿਲੇ ਗੇੜ ਵਿੱਚ ਜਿੱਤਾਂ ਦਰਜ ਕੀਤੀਆਂ ਹਨ।
17 ਵਾਰ ਦਾ ਗਰੈਂਡ ਸਲੈਮ ਚੈਂਪੀਅਨ ਨਡਾਲ ਪੈਰ ਦੀ ਸੱਟ ਕਾਰਨ ਬੀਤੇ ਸਾਲ ਜ਼ਿਆਦਾ ਸਮਾਂ ਖੇਡ ਨਹੀਂ ਸਕਿਆ ਸੀ। ਉਸ ਨੇ ਆਸਟਰੇਲੀਆ ਦੇ ਵਾਈਲਡ ਕਾਰਡਧਾਰੀ ਜੇਮਜ਼ ਡੈਕਵਰਥ ਨੂੰ 6-4, 6-3, 7-5 ਨਾਲ ਹਰਾਇਆ। ਸਾਲ 2009 ਦੇ ਆਸਟਰੇਲੀਅਨ ਚੈਂਪੀਅਨ ਨੇ ਜਿੱਤ ਮਗਰੋਂ ਕਿਹਾ, ‘‘ਕੁੱਝ ਮਹੀਨਿਆਂ ਬਾਅਦ ਵਾਪਸ ਪਰਤਣਾ ਸੌਖਾ ਨਹੀਂ ਰਿਹਾ, ਖ਼ਾਸ ਕਰ ਉਦੋਂ ਜਦੋਂ ਤੁਹਾਡਾ ਵਿਰੋਧੀ ਖਿਡਾਰੀ ਹਰ ਅੰਕ ’ਤੇ ਹਮਲਾਵਰ ਹੋ ਕੇ ਖੇਡ ਰਿਹਾ ਹੋਵੇ।’’ ਉਸ ਨੇ ਕਿਹਾ, ‘‘ਇਸ ਮੁਕਾਮ ’ਤੇ ਪਹੁੰਚ ਕੇ ਮੈਂ ਊਰਜਾ ਨਾਲ ਭਰਪੂਰ ਮਹਿਸੂਸ ਕਰ ਰਿਹਾ ਹਾਂ।’’
ਇਸੇ ਤਰ੍ਹਾਂ ਫੈਡਰਰ ਨੇ ਉਜ਼ਬੇਕਿਸਤਾਨ ਦੇ ਡੈਨਿਸ ਇਸਤੋਮਿਨ ਦੀ ਚੁਣੌਤੀ ਨੂੰ 6-3, 6-4, 6-4 ਦੇ ਇਕਪਾਸੜ ਜਿੱਤ ਨਾਲ ਸਮਾਪਤ ਕੀਤਾ। ਟੂਰਨਾਮੈਂਟ ਵਿੱਚ 22ਵਾਂ ਦਰਜਾ ਪ੍ਰਾਪਤ ਸਪੇਨ ਦੇ ਖਿਡਾਰੀ ਰੌਬਰਟੋ ਬਤਿਸਤਾ ਆਗੁਤ ਨੇ ਐਂਡੀ ਮਰੇ ਨੂੰ 6-4, 6-4, 6-7, 6-2 ਨਾਲ ਹਰਾਇਆ। ਪੰਜਵਾਂ ਦਰਜਾ ਪ੍ਰਾਪਤ ਕੇਵਿਨ ਐਂਡਰਸਨ ਵੀ ਐਂਡਰੀਅਨ ਮਾਨਾਰਿਨੋ ਨੂੰ 6-3, 5-7, 6-2, 6-1 ਨਾਲ ਹਰਾ ਕੇ ਦੂਜੇ ਗੇੜ ਵਿੱਚ ਪਹੁੰਚ ਗਿਆ ਹੈ। ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਏਂਜਲਿਕ ਕਰਬਰ ਨੇ ਸਲੋਵੇਨੀਆ ਦੀ ਪੋਲੋਨਾ ਹਰਕੋਗ ਨੂੰ 6-2, 6-2 ਨਾਲ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਹੈ। ਤਿੰਨ ਵਾਰ ਦੀ ਗਰੈਂਡ ਸਲੈਮ ਜੇਤੂ ਕਰਬਰ ਨੇ ਕਿਹਾ, ‘‘ਅਸੀਂ ਹੁਣ 2019 ਵਿੱਚ ਹਾਂ ਅਤੇ ਮੈਂ ਬੀਤੇ ਸਾਲ ਦੇ ਪ੍ਰਦਰਸ਼ਨ ਨੂੰ ਜਾਰੀ ਰੱਖਣ ਦਾ ਯਤਨ ਕਰਾਂਗੀ।’’
ਇਥੇ ਸਾਲ 2008 ਵਿੱਚ ਚੈਂਪਅਨ ਰਹੀ ਸ਼ਾਰਾਪੋਵਾ ਨੇ ਬਰਤਾਨੀਆ ਦੀ ਹੈਰੀਅਟ ਡਾਰਟ ਨੂੰ 6-0, 6-0 ਨਾਲ ਹਰਾਇਆ। 15ਵਾਂ ਆਸਟਰੇਲੀਅਨ ਓਪਨ ਖੇਡ ਰਹੀ ਤਿੰਨ ਵਾਰ ਦੀ ਫਾਈਲਿਸਟ ਨੇ ਕਿਹਾ ਕਿ ਉਸ ਲਈ ਸੱਟ ਤੋਂ ਉਭਰ ਕੇ ਜਿੱਤ ਪ੍ਰਾਪਤ ਕਰਨਾ ਸ਼ਾਨਦਾਰ ਅਨੁਭਵ ਰਿਹਾ। ਪੰਜਵਾਂ ਦਰਜਾ ਪ੍ਰਾਪਤ ਅਮਰੀਕਾ ਦੀ ਖਿਡਾਰਨ ਸਲੋਨ ਸਟੀਫਨਜ਼ ਨੇ ਹਮਵਤਨ ਟੇਲਰ ਟੌਂਸੈਂਡ ਨੂੰ ਦੋ ਸੈੱਟਾਂ ਵਿੱਚ ਮਾਤ ਦਿੱਤੀ। ਦੂਜੇ ਪਾਸੇ, ਜਰਮਨੀ ਦਾ 14ਵਾਂ ਦਰਜਾ ਪ੍ਰਾਪਤ ਜੂਲੀਆ ਜਾਰਜਿਜ਼ ਅਤੇ ਸਾਬਕਾ ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੈਂਕੋ ਪਹਿਲੇ ਗੇੜ ਵਿੱਚ ਹੀ ਹਾਰ ਕੇ ਬਾਹਰ ਹੋ ਗਈਆਂ। ਬਰਤਾਨੀਆ ਦੀ ਕੈਟੀ ਬੂਲਟਰ ਨੇ ਰੂਸ ਦੀ ਏਕਾਤੇਰਿਨਾ ਮਾਕਾਰੋਵਾ ਨੂੰ 6-0, 4-6, 7-6 ਨਾਲ ਸ਼ਿਕਸਤ ਦਿੱਤੀ।