ਮੈਲਬਰਨ, 24 ਜਨਵਰੀ

ਆਸਟਰੇਲੀਅਨ ਓਪਨ ਦੇ ਵੱਡੇ-ਵੱਡੇ ਦਾਅਵੇਦਾਰਾਂ ਨੂੰ ਅੱਜ ਉਲਟਫੇਰਾਂ ਦਾ ਸ਼ਿਕਾਰ ਹੋਣਾ ਪਿਆ। ਰਾਫੇਲ ਨਡਾਲ ਦੇ ਬਾਹਰ ਹੋਣ ਨਾਲ ਉਨ੍ਹਾਂ ਦਾ ਦੂਜਾ ਖ਼ਿਤਾਬ ਜਿੱਤਣ ਦਾ ਖ਼ੁਆਬ ਵੀ ਟੁੱਟ ਗਿਆ ਹੈ। ਇਸ ਤਰ੍ਹਾਂ ਉਲਟਫੇਰ ਵਾਲੇ ਦਿਨ ਗੈਰ-ਦਰਜਾ ਪ੍ਰਾਪਤ ਕਾਈਲ ਐਡਮੰਡ ਅਤੇ ਐਲਿਸ ਮਰਟੈਂਜ਼ ਸੈਮੀ ਫਾਈਨਲ ਵਿੱਚ ਪਹੁੰਚਣ ਵਿੱਚ ਸਫਲ ਰਹੇ।
ਦੁਨੀਆਂ ਦੇ ਨੰਬਰ ਇੱਕ ਖਿਡਾਰੀ ਨਡਾਲ ਨੂੰ ਰਾਡ ਲੀਵਰ ਏਰੇਨਾ ਵਿੱਚ ਮਾਰਿਨ ਸਿਲਿਚ ਦੇ ਖਿਲਾਫ਼ ਚੌਥੇ ਸੈੱਟ ਦੌਰਾਨ ਪੈਰ ’ਤੇ ਸੱਟ ਲੱਗਣ ਕਾਰਨ ਕਾਫੀ ਪ੍ਰੇਸ਼ਾਨੀ ਹੋਈ। ਦਰਦ ਦੇ ਬਾਵਜੂਦ ਉਹ ਖੇਡਦੇ ਰਹੇ। ਅਖੀਰਲੇ ਫੈਸਲਾਕੁਨ ਸੈੱਟ ਵਿੱਚ ਉਹ ਬਾਹਰ ਹੋ ਗਏ। ਜਦੋਂ ਉਨ੍ਹਾਂ ਨੇ ਬਾਹਰ ਹੋਣ ਦਾ ਫੈਸਲਾ ਕੀਤਾ ਉਸ ਸਮੇਂ ਸਿਲਿਚ 3-6 6-3 6-7 (5/7) 6-2 2-0 ਨਾਲ ਅੱਗੇ ਚੱਲ ਰਹੇ ਸਨ। ਯੂਐਸ ਓਪਨ ਦੇ ਸਾਬਕਾ ਜੇਤੂ ਸਿਲਿਚ ਦਾ ਸਾਹਮਣਾ ਸੈਮੀ ਫਾਈਨਲ ਵਿੱਚ ਬਰਤਾਨੀਆ ਦੇ ਐਡਮੰਡ ਨਾਲ ਹੋਵੇਗਾ ਜਿਨ੍ਹਾਂ ਨੇ ਆਖਰੀ-8 ਮੁਕਾਬਲੇ ਵਿੱਚ ਤੀਜਾ ਦਰਜਾ ਪ੍ਰਾਪਤ ਗ੍ਰਿਗਰ ਦਿਮਿਤ੍ਰੋਵ ਨੂੰ 6-4 3-6 6-3 6-4 ਨਾਲ ਉਲਟਫੇਰ ਦਾ ਸ਼ਿਕਾਰ ਬਣਾਇਆ।
ਔਰਤਾਂ ਦੇ ਵਰਗ ਵਿੱਚ ਮਰਟੈਂਜ਼ ਨੇ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਉਹ ਆਸਟਰੇਲੀਆ ਓਪਨ ਪਹਿਲੀ ਵਾਰ ਖੇਡ ਰਹੀ ਹੈ। ਗੈਰ-ਦਰਜਾ ਪ੍ਰਾਪਤ ਐਲਿਸ ਮਰਟੈਂਜ਼ ਦੁਨੀਆਂ ਦੇ ਚੌਥੇ ਨੰਬਰ ਦੀ ਖਿਡਾਰਨ ਇਲੀਨਾ ਸਵਿਤਲੋਨਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਬੈਲਜੀਅਮ ਦੀ ਇਸ ਖਿਡਾਰਨ ਨੇ ਯੂਕਰੇਨ ਦੀ ਸਵਿਤਲੋਨਾ ਨੂੰ ਇੱਕ ਘੰਟੇ 13 ਮਿੰਟ ਵਿੱਚ 6-4, 6-0 ਨਾਲ ਹਰਾਇਆ। ਇਸ ਮਹੀਨੇ ਹੋਬਰਟ ਵਿੱਚ ਖ਼ਿਤਾਬ ਜਿੱਤਣ ਤੋਂ ਬਾਅਦ ਉਹ ਲਗਾਤਾਰ ਦਸ ਮੈਚ ਜਿੱਤ ਚੁੱਕੀ ਹੈ। ਮਰਟੈਂਸ ਕਿਮ ਕਲਾਈਟਜਰਸ (2012) ਤੋਂ ਬਾਅਦ ਆਖ਼ਰੀ-4 ਵਿੱਚ ਪਹੁੰਚਣ ਵਾਲੀ ਬੈਲਜੀਅਮ ਦੀ ਪਹਿਲੀ ਖਿਡਾਰਨ ਹੈ। ਹੁਣ ਉਸ ਦਾ ਸਾਹਮਣਾ ਦੂਜਾ ਦਰਜਾ ਪ੍ਰਾਪਤ ਕੈਰੋਲਿਨ ਵੋਜਨਿਆਕੀ ਅਤੇ ਗੈਰ ਦਰਜਾ ਪ੍ਰਾਪਤ ਕਾਰਲਾ ਸੁਆਰੇਜ਼ ਨਵਾਰੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਇਸ ਤੋਂ ਪਹਿਲਾਂ ਕਾਈਲ ਐਡਮੰਡ ਨੂੰ ਦਿਮਿਤ੍ਰੋਵ ਖਿਲਾਫ਼ ਕੋਈ ਖ਼ਾਸ ਪ੍ਰੇਸ਼ਾਨੀ ਨਹੀਂ ਹੋਈ। ਉਹ ਆਸਟਰੇਲੀਆ ਓਪਨ ਦੇ ਸੈਮੀ ਫਾਈਨਲ ਵਿੱਚ ਪਹੁੰਚਣ ਵਾਲੇ ਚੌਥੇ ਬ੍ਰਿਟਿਸ਼ ਖਿਡਾਰੀ ਹਨ। ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਅਮਰੀਕੀ ਓਪਨ ਦੇ ਉਪ ਜੇਤੂ ਕੇਵਿਨ ਐਂਡਰਸਨ ਨੂੰ ਹਰਾਉਣ ਵਾਲੇ ਐਡਮੰਡ ਨੇ ਦਿਮਿਤ੍ਰੋਵ ਦੀ ਸਰਵਿਸ ਪੰਜ ਵਾਰ ਤੋੜੀ ਪਰ ਕੁੱਝ ਗ਼ਲਤੀਆਂ ਵੀ ਕੀਤੀਆਂ।