ਕਜ਼ਾਨ, ਡਿਏਗੋ ਕੋਸਟਾ ਦੇ ਗੋਲ ਦੀ ਬਦੌਲਤ ਵਿਸ਼ਵ ਕੱਪ ਦੇ ਦਾਅਵੇਦਾਰਾਂ ’ਚ ਸ਼ੁਮਾਰ ਸਪੇਨ ਨੇ ਗਰੁੱਪ ‘ਬੀ’ ਦੇ ਦੂਜੇ ਮੁਕਾਬਲੇ ’ਚ ਇਰਾਨ ਨੂੰ 1-0 ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ, ਹਾਲਾਂਕਿ ਇਰਾਨ ਦੀ ਟੀਮ ਇਸ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਦੇ ਕਰੀਬ ਪਹੁੰਚ ਚੁੱਕੀ ਸੀ।

ਸਪੇਨ ਦੀ ਟੀਮ ਨੇ ਸੋਚੀ ’ਚ ਪੁਰਤਗਾਲ ਖ਼ਿਲਾਫ਼ ਸ਼ੁਰੂਆਤੀ ਮੁਕਾਬਲੇ ’ਚ 3-3 ਨਾਲ ਡਰਾਅ ਖੇਡਿਆ ਸੀ, ਪਰ ਕਜ਼ਾਨ ’ਚ ਮਿਲੀ ਜਿੱਤ ਨਾਲ 2010 ਦੀ ਜੇਤੂ ਟੀਮ ਆਖਰੀ 16 ’ਚ ਸ਼ਾਮਲ ਹੋਣ ਵੱਲ ਵੱਧ ਰਹੀ ਹੈ। ਸਪੇਨ ਅਤੇ ਪੁਰਤਗਾਲ ਦੋਵਾਂ ਦੇ ਗਰੁੱਪ ’ਚ ਹੁਣ ਚਾਰ ਅੰਕ ਹੋ ਗਏ ਹਨ। ਕਾਲੋਸ ਕਵੇਜੋਰ ਦੀ ਟੀਮ ਨੇ ਬਿਹਤਰੀਨ ਡਿਫੈਂਸ ਨਾਲ ਸਪੇਨ ਨੂੰ ਗੋਲ ਪੋਸਟ ਤੱਕ ਦੂਰ ਰੱਖਿਆ, ਜਿਸ ਨਾਲ ਉਸ ਦੇ ਖਿਡਾਰੀ ਕਾਫੀ ਨਿਰਾਸ਼ ਦਿਖਾਈ ਦੇ ਰਹੇ ਸਨ। ਕੋਸਟਾ ਨੇ ਪੁਰਤਗਾਲ ਖ਼ਿਲਾਫ਼ ਮੈਚ ’ਚ ਵੀ ਦੋ ਗੋਲ ਕੀਤੇ ਸਨ। ਉਹ ਮੈਚ ਦੇ ਸ਼ੁਰੂ ’ਚ ਗੇਂਦ ਨੂੰ ਕਿੱਕ ਕਰਨ ਦੀ ਉਡੀਕ ਕਰਦੇ ਸਮੇਂ ਇਰਾਨੀ ਗੋਲਕੀਪਰ ਅਲੀ ਬੇਰਾਨਵਾਂਦ ਦੇ ਪੈਰ ਦੇ ਅਗਲੇ ਹਿੱਸੇ ’ਤੇ ਪੈਰ ਰੱਖ ਬੈਠਿਆ ਸੀ। ਹਾਲਾਂਕਿ ਇਸ ਲਈ ਉਸ ਨੂੰ ਕੋਈ ਸਜ਼ਾ ਨਹੀਂ ਮਿਲੀ। ਐਨਲੈਟਿਕੋ ਮੈਡ੍ਰਿਡ ਦੇ ਇਸ ਸਟ੍ਰਾਈਕਰ ਨੇ 54ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਨੂੰ ਲੀਡ ਦਿਵਾਈ ਜੋ ਅੰਤ ਤੱਕ ਜਾਰੀ ਰਹੀ। ਆਂਦਰੇਸ ਇਨੀਏਸਤਾ ਨੇ ਕੋਸਟਾ ਨੂੰ ਬਾਕਸ ਅੰਦਰ ਬਾਲ ਦਿੱਤੀ ਜਿਸ ਨੂੰ ਤੇਜ਼ੀ ਨਾਲ ਮੁੜਦਿਆਂ ਗੋਲ ਦਾਗਿਆ ਅਤੇ ਬੇਰਾਨਵਾਂਦ ਕੁਝ ਨਾ ਕਰ ਸਕਿਆ। ਇਸ ਤਰ੍ਹਾਂ ਕੋਸਟਾ ਨੇ ਟੂਰਨਾਮੈਂਟ ’ਚ ਤੀਜਾ ਗੋਲ ਕੀਤਾ। ਇਸ ਤੋਂ ਅੱਠ ਮਿੰਟ ਬਾਅਦ ਸਈਦ ਇਜਾਤੋਲਾਹੀ ਨੇ ‘ਲਾਇਨਜ਼ ਆਫ ਪਰਸ਼ੀਆ’ ਲਈ ਬਰਾਬਰੀ ਦਾ ਗੋਲ ਕੀਤਾ, ਪਰ ਇਰਾਨ ਦੇ ਸਮਰਥਕਾਂ ਨੂੰ ਉਸ ਸਮੇਂ ਨਮੋਸ਼ੀ ਹੋਈ ਜਦੋਂ ਰੈਫਰੀ ਨੇ ਇਸ ਨੂੰ ਆਫ-ਸਾਈਡ ਕਰਾਰ ਦਿੱਤਾ। ਰੈਫਰੀ ਆਂਦ੍ਰਿਆਸ ਕੁਨ੍ਹਾ ਨੇ ਵੀਏਆਰ ਦੀ ਮਦਦ ਨਾਲ ਇਹ ਫ਼ੈਸਲਾ ਕੀਤਾ।