ਫ਼ਤਹਿਗੜ੍ਹ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਰਾਸ਼ਟਰੀ ਸਿੱਖ ਸੰਗਤ ਦੀ 25 ਅਕਤੂਬਰ ਨੂੰ ਦਿੱਲੀ ਵਿੱਚ ਕਰਵਾਏ ਜਾ ਰਹੇ ਸਮਾਗਮ ਪ੍ਰਤੀ ਨੀਅਤ ਠੀਕ ਨਹੀਂ, ਇਸ ਲਈ ਸਿੱਖ ਕੌਮ ਨੂੰ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਿੱਖ ਕੌਮ ਲਈ ਸਰਬਉੱਚ ਹੈ, ਇਸ ਲਈ ਸਿੱਖ ਕੌਮ ਨੂੰ 2004 ਵਿੱਚ ਅਕਾਲ ਤਖ਼ਤ ਤੋਂ ਜਾਰੀ ਸੰਦੇਸ਼ ’ਤੇ ਪਹਿਰਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਸਮਾਗਮ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ, ਪਰ ਇਸ ਸਮਾਗਮ ਪ੍ਰਤੀ ਪ੍ਰਬੰਧਕਾਂ ਦੀ ਨੀਅਤ ਸਾਫ਼ ਨਹੀਂ ਹੈ। ਉਹ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਬਾਬਾ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਦੇ ਜੀਵਨ ਅਤੇ ਯੋਗਦਾਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਸੈਮੀਨਾਰ ਮਗਰੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬੰਦ ਲਿਫ਼ਾਫ਼ੇ ਵਿੱਚ ਆਦੇਸ਼ ਭੇਜਿਆ ਜਾਂਦਾ ਹੈ, ਕਿਉਂਕਿ ਜਦੋਂ ਉਹ ਪ੍ਰਧਾਨ ਬਣੇ ਸਨ ਤਾਂ ਅਕਾਲੀ ਦਲ (ਅੰਮ੍ਰਿਤਸਰ), ਆਮ ਆਦਮੀ ਪਾਰਟੀ ਸਮੇਤ ਸਮੂਹ ਪਾਰਟੀਆਂ ਤੇ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਚੋਣ ਕੀਤੀ ਸੀ। ਉਨ੍ਹਾਂ ਇੱਕ ਮੁਲਾਜ਼ਮ ਦੇ ਵਾਰਸਾਂ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਵਤਾਰ ਸਿੰਘ ’ਤੇ ਖ਼ੁਦਕਸ਼ੀ ਲਈ ਮਜਬੂਰ ਕਰਨ ਸਬੰਧੀ ਲਾਏ ਦੋਸ਼ਾਂ ਦੇ ਮਾਮਲੇ ਵਿੱਚ ਬਣਾਈ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਸਬੰਧੀ ਕਿਹਾ ਕਿ ਕਮੇਟੀ ਦੀ ਰਿਪੋਰਟ ਆ ਗਈ ਹੈ, ਜਿਸ ਨੂੰ 6 ਨਵੰਬਰ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਦੀਵਾਨ ਟੋਡਰ ਮੱਲ ਯਾਦਗਾਰੀ ਹਵੇਲੀ ਸਬੰਧੀ ਉਨ੍ਹਾਂ ਦੱਸਿਆ ਕਿ ਇਸ ’ਤੇ ਹੁਣ ਤੱਕ 2 ਕਰੋੜ 10 ਲੱਖ 53 ਹਜ਼ਾਰ 497 ਰੁਪਏ ਖ਼ਰਚ ਹੋ ਚੁੱਕੇ ਹਨ ਤੇ ਬਾਕੀ ਦਾ ਐਸਟੀਮੇਟ ਤਿਆਰ ਹੋ ਚੁੱਕਿਆ ਹੈ ਅਤੇ ਜਲਦੀ ਹੀ ਇਹ ਹਵੇਲੀ ਕੌਮ ਦੇ ਹਵਾਲੇ ਹੋਵੇਗੀ। ਇਸ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸੁਖਦਰਸ਼ਨ ਸਿੰਘ ਖਹਿਰਾ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ, ਮੈਂਬਰ ਭਾਈ ਰਵਿੰਦਰ ਸਿੰਘ ਖ਼ਾਲਸਾ, ਪ੍ਰਬੰਧਕ ਕਮੇਟੀ ਮੈਂਬਰ ਨਵਤੇਜ ਸਿੰਘ, ਯੂਨੀਵਰਸਿਟੀ ਟਰੱਸਟ ਮੈਂਬਰ ਅਮਰਜੀਤ ਸਿੰਘ ਸਿੱਧੂ, ਰਜਿਸਟਰਾਰ ਡਾ. ਪ੍ਰਿਤਪਾਲ ਸਿੰਘ, ਡੀਨ ਰਿਸਰਚ ਡਾ. ਆਰ. ਕੇ. ਸ਼ਰਮਾ, ਡੀਨ ਵਿਦਿਆਰਥੀ ਭਲਾਈ ਡਾ. ਬੀਰਬਿਕਰਮ ਸਿੰਘ, ਸਿੱਖਿਆ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿੱਧੂ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
ਲੁਧਿਆਣਾ : ਇਸ ਦੌਰਾਨ ਯੂਨਾਈਟਿਡ ਸਿੱਖ ਪਾਰਟੀ ਨੇ ਆਰਐਸਐਸ ਦੇ ਸਮਾਗਮ ਦਾ ਵਿਰੋਧ ਕਰਦਿਆਂ ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਹੈ ਕਿ ਗਿਆਨੀ ਇਕਬਾਲ ਸਿੰਘ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੇ ਸਮਾਗਮ ਦੀ ਪ੍ਰਧਾਨਗੀ ਲਈ ਸਹਿਮਤੀ ਦਿੱਤੀ ਹੈ।