-ਆਪਣੇ ਮੰਤਰੀ ਨੂੰ ਬਚਾਉਣ ਲਈ ਕੈਪਟਨ ਤੇ ਰਾਹੁਲ ਗਾਂਧੀ ਆਪਣਾ ਰਹੇ ਨੇ ਦੋਹਰੇ ਮਾਪਦੰਡ- ਰਾਜ ਲਾਲੀ ਗਿੱਲ
ਚੰਡੀਗੜ, 25 ਅਕਤੂਬਰ 2018
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮਹਿਲਾ ਵਿੰਗ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਉਸ ਕੈਬਿਨਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਜਿਸ ਉੱਤੇ ਇੱਕ ਉੱਚ ਮਹਿਲਾ ਅਧਿਕਾਰੀ ਨੇ ਸਰੀਰਕ-ਮਾਨਸਿਕ ਉਤਪੀੜਨ ਦੇ ਗੰਭੀਰ ਦੋਸ਼ ਲਗਾਏ ਹਨ।
‘ਆਪ‘ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਮੈਡਮ ਰਾਜ ਲਾਲੀ ਗਿੱਲ ਅਤੇ ਸਹਿ-ਪ੍ਰਧਾਨ ਜੀਵਨਜੋਤ ਕੌਰ ਨੇ ਕਿਹਾ ਕਿ ਇੱਕ ਮੰਤਰੀ ਦਾ ਅਜਿਹਾ ਅਨੈਤਿਕ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੁੱਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਉੱਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਇਆ। ਉਨਾਂ ਕਿਹਾ ਕਿ ਇੱਕ ਪਾਸੇ ਮਹਿਲਾਵਾਂ ਦਾ ਸਰੀਰਕ ਮਾਨਸਿਕ ਸ਼ੋਸ਼ਣ ਕਰਨ ਦੇ ਦੋਸ਼ਾਂ ‘ਚ ਘਿਰੇ ਭਾਜਪਾ ਦੇ ਕੇਂਦਰੀ ਮੰਤਰੀ ਐਮ.ਜੇ ਅਕਬਰ ਦਾ ਅਸਤੀਫ਼ਾ ਮੰਗਿਆ ਜਾ ਰਿਹਾ ਸੀ, ਦੂਜੇ ਪਾਸੇ ਆਪਣੇ ਮੰਤਰੀ ‘ਤੇ ਲੱਗੇ ਉਸੇ ਤਰਾਂ ਦੇ ਦੋਸ਼ਾਂ ਨੂੰ ਦਬਾਇਆ ਜਾ ਰਿਹਾ ਸੀ, ਜਦੋਂਕਿ ਚਾਹੀਦਾ ਇਹ ਸੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰ ਕੇ ‘ਵਿਸਾਖਾ ਗਾਈਡ ਲਾਇਨਜ਼‘ ਦੇ ਮੁਤਾਬਿਕ ਮਹਿਲਾ ਅਧਿਕਾਰੀ ਦੀ ਸ਼ਿਕਾਇਤ ਮਹਿਲਾਵਾਂ ਦੀ ਭਾਗੀਦਾਰੀ ਵਾਲੀ ਵਿਸ਼ੇਸ਼ ਕਮੇਟੀ ਹਵਾਲੇ ਕੀਤੀ ਜਾਂਦੀ।
ਮੈਡਮ ਜੀਵਨਜੋਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਜੇਕਰ ਮਾਮਲਾ ਧਿਆਨ ‘ਚ ਆਉਂਦੇ ਹੀ ਮੰਤਰੀ ਖ਼ਿਲਾਫ਼ ਕਾਰਵਾਈ ਕਰ ਦਿੰਦੇ ਤਾਂ ਪੂਰੇ ਦੇਸ਼ ‘ਚ ਇੱਕ ਸਖ਼ਤ ਅਤੇ ਸਪਸ਼ਟ ਸੰਦੇਸ਼ ਜਾਂਦਾ ਅਤੇ ਮਹਿਲਾਵਾਂ ‘ਤੇ ਹੁੰਦੇ ਮਾਨਸਿਕ-ਸਰੀਰਕ ਉਤਪੀੜਨ ਵਿਰੁੱਧ ਦੁਨੀਆ ਭਰ ‘ਚ ਚੱਲ ਰਹੀ ‘ਮੀ-ਟੂ‘ ਮੁਹਿੰਮ ਨੂੰ ਹੋਰ ਬਲ ਮਿਲਦਾ।
‘ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਸਮੇਤ ਸਮੁੱਚੀ ਕਾਂਗਰਸ ਕੋਲ ਅਜੇ ਵੀ ਮੌਕਾ ਹੈ ਕਿ ਉਹ ਮਹਿਲਾਵਾਂ ਪ੍ਰਤੀ ਸਨਮਾਨ ਦਾ ਸੰਦੇਸ਼ ਦਿੰਦੇ ਹੋਏ ਆਪਣੇ ਮੰਤਰੀ ਨੂੰ ਮੰਤਰੀ ਮੰਡਲ ਸਮੇਤ ਪਾਰਟੀ ‘ਚ ਬਾਹਰ ਕੱਢਣ।