ਜਲੰਧਰ, ਆਮ ਆਦਮੀ ਪਾਰਟੀ ਦੇ ਆਦਮਪੁਰ ਤੋਂ ਚੋਣ ਲੜਨ ਵਾਲੇ ਉਮੀਦਵਾਰ ਹੰਸ ਰਾਜ ਰਾਣਾ ਨੂੰ ਇਥੇ ਸੰਤੋਖਪੁਰਾ ਇਲਾਕੇ ਵਿਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਪੰਜਾਬ ਵਿਚ ਸਾਢੇ ਤਿੰਨ ਸਾਲ ਦਾ ਕਾਰਜਕਾਲ ਹੋਣ ਦੇ ਬਾਵਜੂਦ ਰਾਜਨੀਤਕ ਪਾਰਟੀਆਂ ਦੇ ਲੋਕ ਸ਼੍ਰੋਮਣੀ ਅਕਾਲੀ ਦਲ ’ਚ ਆਉਣ ਨੂੰ ਪਹਿਲ ਦੇ ਰਹੇ ਹਨ।
ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਲਈ ਕਸੂਰਵਾਰ ਚੱਢਾ ਸ਼ੂਗਰ ਮਿੱਲ ਦੇ ਮਾਲਕਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਾਪ੍ਰਵਾਹੀ ਕਾਰਨ ਬਿਆਸ ਦਰਿਆ ਵਿਚ ਮੱਛੀਆਂ ਤੇ ਹੋਰ ਜੀਵਾਂ ਦੀ ਵੱਡੀ ਪੱਧਰ ’ਤੇ ਤਬਾਹੀ ਹੋਈ ਹੈ ਜਿਸ ਨਾਲ ਰਾਜਸਥਾਨ ਤੇ ਮਾਲਵੇ ਦਾ ਪਾਣੀ ਜ਼ਹਿਰੀਲਾ ਹੋ ਗਿਆ ਹੈ। ਉਹ ਅੱਜ ਇਥੇ ਆਦਮਪੁਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਵਾਲੇ ਹੰਸ ਰਾਜ ਰਾਣਾ ਨੂੰ ਅਕਾਲੀ ਦਲ ਵਿਚ ਸ਼ਾਮਿਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਇਆ ਕਿ ਉਹ ਬਿਆਸ ਦਰਿਆ ਨੂੰ ਪਲੀਤ ਕਰਨ ਵਾਲੇ ਮਾਮਲੇ ਵਿਚ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਇਸ ਕਰਕੇ ਉਨ੍ਹਾਂ ਨੂੰ ਬਚਾਅ ਰਹੇ ਹਨ ਕਿਉਂਕਿ ਸਰਨਾ ਭਰਾ, ਕੈਪਟਨ ਅਮਰਿੰਦਰ ਸਿੰਘ ਦੇ ਧਾਰਮਿਕ ਸਲਾਹਕਾਰ ਹਨ।
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਿਆਸ ਦਰਿਆ ਵਿਚ ਸੀਰਾ ਘੁਲਣ ਦੀ ਘਟਨਾ ਬਾਰੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ’ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਕਾਨੂੰਨ ਮੁਤਾਬਕ ਮਿੱਲ ਮਾਲਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਸ ਢੰਗ ਨਾਲ ਖੋਰਾ ਲੱਗ ਰਿਹਾ ਹੈ ਉਸ ਨਾਲ ਸੁਖਪਾਲ ਸਿੰਘ ਖਹਿਰਾ ਇਕੱਲੇ ਹੀ ਰਹਿ ਜਾਣਗੇ ਤੇ ਉਨ੍ਹਾਂ ਨੂੰ ਕੋਈ ਵੀ ਪਾਰਟੀ ਲੈਣ ਲਈ ਤਿਆਰ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਹੰਸ ਰਾਜ ਰਾਣਾ ਬਸਪਾ ਦੇ ਕੌਂਸਲਰ ਸਨ ਤੇ ਉਹ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਬਸਪਾ ਛੱਡ ਕੇ ਆਪ ’ਚ ਚਲੇ ਗਏ ਸਨ। ਇਸ ਮੌਕੇ ਆਦਮਪੁਰ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਰਣਜੀਤ ਸਿੰਘ ਰਾਣਾ ਤੇ ਹੋਰ ਆਗੂ ਹਾਜ਼ਰ ਸਨ।
‘ਆਪ’ ਦੇ ਕਈ ਨੇਤਾ ਅਕਾਲੀ ਦਲ ਦੀ ਛਤਰੀ ’ਤੇ
ਚੰਡੀਗੜ੍ਹ: ਪੰਜਾਬ ਵਿਚ ਪਿਛਲੇ ਸਮੇਂ ਹੋਈਆਂ ਵੱਖ-ਵੱਖ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਕਈ ਆਗੂ ਝਾੜੂ ਛੱਡ ਕੇ ਨਵੇਂ ‘ਸਿਆਸੀ’ ਆਲ੍ਹਣੇ ਪਾਉਂਦੇ ਆ ਰਹੇ ਹਨ ਅਤੇ ਇਸੇ ਕੜੀ ਤਹਿਤ ਹੁਣ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੌਰਾਨ ਵੀ ‘ਆਪ’ ਦੇ ਕਈ ਆਗੂ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ‘ਆਪ’ ਨੂੰ ਛੱਡਣ ਵਾਲੇ ਤਕਰੀਬਨ ਸਾਰੇ ਆਗੂ ਹੁਕਮਰਾਨ ਕਾਂਗਰਸ ਦੀ ਥਾਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ।