ਮੋਗਾ, ਇਥੋਂ ਦੀ ਨਵੀਂ ਅਨਾਜ ਮੰਡੀ ਵਿਚ ਆਮ ਆਦਮੀ ਪਾਰਟੀ ਦੇ ਬਾਗ਼ੀ ਧੜੇ ਦੀ ਵਾਲੰਟੀਅਰ ਰੈਲੀ ’ਚ ਪੰਜਾਬੀਆਂ ਦੀ ਅਣਖ ਤੇ ਗ਼ੈਰਤ, ਪੰਥਕ ਚਿਹਰਾ, ਬੇਅਦਬੀ ਦੀਆਂ ਘਟਨਾਵਾਂ, ਅਤਿਵਾਦ, ਨਸ਼ੇ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਆਦਿ ਮੁੱਦੇ ਜ਼ੋਰ ਨਾਲ ਉਭਾਰੇ ਗਏ। ਇਸ ਮੌਕੇ ਬਠਿੰਡਾ ਰੈਲੀ ’ਚ ਪਾਸ ਕੀਤੇ ਗਏ ਛੇ ਮਤਿਆਂ ਦੀ ਇਕੱਠ ਤੋਂ ਹੱਥ ਖੜ੍ਹੇ ਕਰਾ ਕੇ ਪ੍ਰਵਾਨਗੀ ਲਈ ਗਈ।
ਇਸ ਮੌਕੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਪਾਰਟੀ ਦੀ ਕੇਂਦਰੀ ਹਾਈਕਮਾਂਡ, ਕਾਂਗਰਸ ਤੇ ਬਾਦਲਾਂ ’ਤੇ ਖੂਬ ਨਿਸ਼ਾਨੇ ਸਾਧੇ। ਉਨ੍ਹਾਂ ਸੂਬੇ ’ਚ ਵੱਡੇ ਪੱਧਰ ’ਤੇ ਨਸ਼ਾਖੋਰੀ ਵਾਸਤੇ ਬਾਦਲਾਂ ’ਤੇ ਵਰ੍ਹਦਿਆਂ ਸਿਆਸੀ ਅਤੇ ਮਾਲੀ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਸਿੱਖੀ ਸੰਸਥਾਵਾਂ ਤੇ ਅਸੂਲਾਂ, ਨਿਯਮਾਂ ਅਤੇ ਮਰਿਆਦਾਵਾਂ ਦਾ ਘਾਣ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ’ਚ ਸੱਚ ਸਾਹਮਣੇ ਆ ਚੁੱਕਾ ਹੈ ਤੇ ਉਨ੍ਹਾਂ ਦੀ ਪਾਰਟੀ ਨੇ ਬਾਦਲਾਂ ਸਮੇਤ ਰਿਪੋਰਟ ’ਚ ਦੋਸ਼ੀ ਕਰਾਰ ਦਿੱਤੇ ਲੋਕਾਂ ਖ਼ਿਲਾਫ਼ ਕਾਰਵਾਈ ਲਈ ਸਰਕਾਰ ਨੂੰ 40 ਦਿਨ ਦਾ ਸਮਾਂ ਦਿੱਤਾ ਹੈ। ਇਸ ਤੋਂ ਬਾਅਦ ਹਮਖ਼ਿਆਲ ਪਾਰਟੀਆਂ ਨਾਲ ਮੀਟਿੰਗ ਕਰਕੇ ਕਾਰਵਾਈ ਲਈ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਉਨ੍ਹਾਂ ਭਗਵੰਤ ਮਾਨ ਨੂੰ ਕੇਜਰੀਵਾਲ ਦਾ ਏਜੰਟ ਕਰਾਰ ਦਿੰਦਿਆਂ ਸਵਾਲ ਕੀਤਾ ਕਿ ਉਹ ਦੱਸੇ ਕਿ ਉਹ ਪੰਜਾਬ ਦੇ ਲੋਕਾਂ ਨਾਲ ਹੈ ਜਾਂ ਕੇਜਰੀਵਾਲ ਨਾਲ। ਉਨ੍ਹਾਂ ਆਖਿਆ ਕਿ ਹਾਈ ਕਮਾਨ ਦੇ ਦੋ ਸੂਬੇਦਾਰਾਂ ਨੇ ਪੰਜਾਬ ਵਿਚ ਚੋਣਾਂ ਵੇਲੇ ਟਿਕਟਾਂ ਵੇਚੀਆਂ ਅਤੇ ਗ਼ਲਤ ਟਿਕਟਾਂ ਦੀ ਵੰਡ ਕਰਕੇ ਪਾਰਟੀ ਪੰਜਾਬ ਵਿੱਚ ਸੌ ਸੀਟਾਂ ਤੋਂ 20 ਸੀਟਾਂ ਤੱਕ ਸਿਮਟ ਗਈ। ਇਸ ਮੌਕੇ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਕਮਾਲੂ, ਵਿਧਾਇਕ ਪਿਰਮਲ ਸਿੰਘ, ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜੈ ਸਿੰਘ ਰੋੜੀ ਤੋਂ ਇਲਾਵਾ ਨਵਜੋਤ ਕੌਰ ਲੰਬੀ ਤੇ ਵੱਡੀ ਗਿਣਤੀ ’ਚ ਵਾਲੰਟੀਅਰ ਤੇ ਆਗੂ ਮੌਜੂਦ ਸਨ।