14 ਵਿਧਾਇਕਾਂ ਨੇ ਮੀਟਿੰਗ ’ਚ ਭਰੀ ਹਾਜ਼ਰੀ; 
ਮਾਨ ਸਮੇਤ ਛੇ ਵਿਧਾਇਕ ਰਹੇ ਗ਼ੈਰ-ਹਾਜ਼ਰ

ਚੰਡੀਗੜ੍ਹ, 8 ਨਵੰਬਰ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਇਥੇ ਸੱਦੀ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਲ ਦੀ ਮੀਟਿੰਗ ਵਿਚੋਂ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਸਮੇਤ ਛੇ ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ 14 ਵਿਧਾਇਕ ਸ੍ਰੀ ਖਹਿਰਾ ਦੀ ਹਮਾਇਤ ਵਿਚ ਖੜ੍ਹੇ ਹੋਏ।
ਦੱਸਣਯੋਗ ਹੈ ਕਿ ਸ੍ਰੀ ਖਹਿਰਾ ਨੇ ਆਪਣੇ ਵਿਰੁੱਧ ਫਾਜ਼ਿਲਕਾ ਦੀ ਅਦਾਲਤ ਵੱਲੋਂ ਡਰੱਗ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ ਦੇ ਮੁੱਦੇ ਉਪਰ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਸੱਦੀ ਸੀ। ਮੀਟਿੰਗ ਵਿਚੋਂ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋਫੈਸਰ ਬਲਜਿੰਦਰ ਕੌਰ, ਅਮਰਜੀਤ ਸਿੰਘ ਸੰਦੋਆ, ਵਿਧਾਇਕ ਐਚਐਸ ਫੂਲਕਾ, ਕੰਵਰ ਸੰਧੂ ਅਤੇ ਪ੍ਰਿੰਸੀਪਲ ਬੁੱਧ ਰਾਮ ਗੈਰਹਾਜ਼ਰ ਰਹੇ। ਮੀਟਿੰਗ ਵਿਚ 14 ਵਿਧਾਇਕਾਂ ਸਮੇਤ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਸ੍ਰੀ ਮਾਨ ਸਮੇਤ ਮੀਟਿੰਗ ਵਿਚੋਂ ਗੈਰ-ਹਾਜ਼ਰ ਸਮੂਹ ਛੇ ਵਿਧਾਇਕਾਂ ਨਾਲ ਉਨ੍ਹਾਂ ਦੀ ਫੋਨ ’ਤੇ ਗੱਲ ਹੋ ਗਈ ਹੈ ਅਤੇ ਉਹ ਹੋਰ ਰੁਝੇਵਿਆਂ ਕਾਰਨ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁੱਦੇ ਉਪਰ ਮੀਡੀਏ ਵਿਚ ਗਲਤ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਮੀਟਿੰਗ ਵਿਚ ਮੌਜੂਦ ਵਿਧਾਇਕ ਅਤੇ ਪਾਰਟੀ ਦੇ ਸਹਿ ਪ੍ਰਧਾਨ ਅਮਨ ਅਰੋੜਾ ਨੂੰ ਕਹਿ ਦਿੱਤਾ ਗਿਆ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਉਹ ਇਸ ਮੌਕੇ ਸ੍ਰੀ ਖਹਿਰਾ ਨਾਲ ਖੜ੍ਹੇ ਹਨ, ਪਰ ਪਾਰਟੀ ਦੇ ਸਿਧਾਂਤ ਸਭ ਤੋਂ ਉੱਚੇ ਹਨ ਅਤੇ ਪਾਰਟੀ ਦੇ ਸਿਧਾਂਤਾਂ ਅਨੁਸਾਰ ਹੀ ਫੈਸਲੇ ਲਏ ਜਾਣਗੇ।
ਸ੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਕਾਂਗਰਸ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਨ੍ਹਾਂ ਦੀ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਨੂੰ ਬੰਦ ਕਰਨ ਲਈ ਗਠਜੋੜ ਬਣਾ ਕੇ ਸਾਂਝੇ ਤੌਰ ’ਤੇ ਇਹ ਸਾਜਿਸ਼ ਘੜੀ ਹੈ। ਸਮਾਂ ਆਉਣ ’ਤੇ ਉਹ ਇਸ ਨੂੰ ਬੇਨਕਾਬ ਕਰਨਗੇ। ਮੀਟਿੰਗ ਵਿਚ ਸ੍ਰੀ ਅਰੋੜਾ ਸਮੇਤ ਰੁਪਿੰਦਰ ਰੂਬੀ, ਨਾਜਰ ਸਿੰਘ ਮਾਨਸ਼ਾਹੀਆ, ਕੁਲਵੰਤ ਪੰਡੋਰੀ, ਹਰਪਾਲ ਸਿੰਘ ਚੀਮਾ, ਮੀਤ ਹੇਅਰ, ਜਗਤਾਰ ਸਿੰਘ, ਪਿਰਮਲ ਸਿੰਘ, ਜੈ ਕਿਸ਼ਨ ਸਿੰਘ ਰੋੜੀ, ਜਗਦੇਵ ਸਿੰਘ ਕਮਾਲੂ ਆਦਿ ਮੌਜੂਦ ਸਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਤੋਂ ਬਾਹਰ ਗਏ ਪਾਣੀਆਂ ਦੀ ਰਾਸ਼ੀ ਰਾਜਸਥਾਨ, ਹਰਿਆਣਾ ਤੇ ਦਿੱਲੀ ਤੋਂ ਵਸੂਲਣ ਲਈ 16 ਨਵੰਬਰ 2016 ਨੂੰ ਪਾਸ ਹੋਏ ਮਤੇ ਉਪਰ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਉਹ ਹਰੇਕ ਹਫ਼ਤੇ ਇਕ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਅੱਗੇ ਧਰਨਾ ਮਾਰਨ ਦੀ ਲੜੀ ਚਲਾਉਣਗੇ।