ਪਟਿਆਲਾ, ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਕੰਮ ਕਰਨ ਤੋਂ ਅਸਮਰਥ ਹਨ। ਡਾ. ਬਲਬੀਰ ਸਿੰਘ ਸੰਗਠਨ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ।
ਪਰ ਜਿਹੜੇ ਲੋਕ ‘ਆਪ’ ਦੀ ਚੋਣਾਂ ਵੇਲੇ ਚੜ੍ਹਤ ਦੇਖ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹ ਉਨ੍ਹਾਂ ਨੂੰ ਸੰਗਠਨ ਬਣਾਉਣ ਵਿੱਚ ਸਹਿਯੋਗ ਨਹੀਂ ਦੇ ਰਹੇ। ਡਾ. ਬਲਬੀਰ ਸਿੰਘ ਨੂੰ ਆਪਣੇ ਜੱਦੀ ਜ਼ਿਲ੍ਹੇ ਪਟਿਆਲਾ ਵਿੱੱਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਵੀ ਅੱਜ ਤਿੰਨ ਧੜੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਧੜਾ ਉਨ੍ਹਾਂ ਦਾ ਹੈ, ਜੋ ਵਾਲੰਟੀਅਰ ਵਜੋਂ ਪਾਰਟੀ ਨਾਲ ਜੁੜੇ ਸਨ। ਡਾ. ਬਲਬੀਰ ਸਿੰਘ ਵੀ ਉਨ੍ਹਾਂ ਵਿਚੋਂ ਹੀ ਹਨ। ਡਾ. ਬਲਬੀਰ ਸਿੰਘ ਉਨ੍ਹਾਂ ਲੋਕਾਂ ਨੂੰ ਪਾਰਟੀ ਵਿੱਚ ਨੁਮਾਇੰਦਗੀ ਦੇਣੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਪਾਰਟੀ ਖੜ੍ਹੀ ਕੀਤੀ ਸੀ। ਇਹ ਧੜਾ ਡਾ. ਬਲਬੀਰ ਸਿੰਘ ਨੂੰ ਕਾਫ਼ੀ ਸਮਰਥਨ ਵੀ ਦੇ ਰਿਹਾ ਹੈ।
ਦੂਜੇ ਪਾਸੇ ਜਿਹੜਾ ਧੜਾ ‘ਆਪ’ ਦੀ ਚੜ੍ਹਤ ਵੇਖ ਕੇ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਉਹ ਡਾ. ਬਲਬੀਰ ਸਿੰਘ ਨੂੰ ਸਹਿਯੋਗ ਦੇਣ ਵਿੱਚ ਟਾਲਮਟੋਲ ਕਰ ਰਿਹਾ ਹੈ। ਇੱਕ ਧੜਾ ਵਿਧਾਇਕਾਂ ਦਾ ਹੈ, ਜੋ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਮੌਜੂਦ ਹੈ। ਉਹ ਧੜਾ ਚਾਹੁੰਦਾ ਹੈ ਕਿ ਡਾ. ਬਲਬੀਰ ਸਿੰਘ ਉਨ੍ਹਾਂ ਨੂੰ ਵੱਧ ਨੁਮਾਇੰਦਗੀ ਦੇਵੇ।
ਪੰਜਾਬ ਪੱਧਰ ’ਤੇ ਭਗਵੰਤ ਮਾਨ ਦੀਆਂ ਸਰਗਰਮੀਆਂ ਪਾਰਟੀ ਅੰਦਰ ਘੱਟ ਗਈਆਂ ਹਨ, ਪਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਆਪਣੇ ਤਰੀਕੇ ਨਾਲ ਪਾਰਟੀ ਵਿੱਚ ਵਿਚਰ ਰਹੇ ਹਨ।