ਬਠਿੰਡਾ-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਗਿੱਲ ਕਲਾਂ ਤੋਂ ਉਮੀਦਵਾਰ 42 ਸਾਲਾਂ ਹਰਵਿੰਦਰ ਸਿੰਘ ਹਿੰਦਾ ਦੀ ਅੱਜ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਖੌਫ਼ਨਾਕ ਵਾਰਦਾਤ ਮਗਰੋਂ ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਘਟਨਾ ਦੀ ਜਾਣਕਾਰੀ ਮਿਲਣ ਮਗਰੋਂ ਬਠਿੰਡਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ `ਤੇ ਜਾਂਚ ਲਈ ਪਹੁੰਚ ਗਏ । ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ ਜੇਠੂਕੇ ਪਿੰਡ ਵਿਚ ਜ਼ਬਰਦਸਤੀ ਘਰ ਚ ਵੜ੍ਹ ਕੇ ਹਰਵਿੰਦਰ ਹਿੰਦਾ ਦਾ ਕਤਲ ਕਰਨ ਮਗਰੋਂ ਕਾਤਲ ਫਰਾਰ ਹੋ ਗਏ।
ਪੁਲਿਸ ਅਨੁਸਾਰ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਰਾਤ ਨੂੰ ਹਿੰਦਾ ਆਪਣੇ ਘਰ `ਚ ਆਪਣੇ ਦੋਸਤਾਂ ਨਾਲ ਸੀ ਅਤੇ ਸੋਮਵਾਰ ਸਵੇਰੇ ਹਿੰਦਾ ਨੂੰ ਉਸਦੇ ਪਰਿਵਾਰ ਨੇ ਮ੍ਰਿਤਕ ਹਾਲਤ ਵਿਚ ਦੇਖਿਆ।
ਬਠਿੰਡਾ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਸਾਨੂੰ ਸੋਮਵਾਰ ਨੂੰ ਹਰਵਿੰਦਰ ਸਿੰਘ ਹਿੰਦਾ ਦੇ ਕਤਲ ਬਾਰੇ ਪਤਾ ਲੱਗਾ। ਹਿੰਦੇ ਦੇ ਸਿਰ `ਤੇ ਸੱਟ ਦਾ ਨਿਸ਼ਾਨ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗਿੱਲ ਕਲਾਂ ਜਿ਼ਲ੍ਹਾ ਪ੍ਰੀਸ਼ਦ ਜ਼ੋਨ ਮੌੜ ਵਿਧਾਨ ਸਭਾ ਖੇਤਰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਅਧੀਨ ਹੈ।
ਇਸੇ ਦੌਰਾਨ ‘ਆਪ’ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਿੰਦਾ ਨੂੰ ਮਾਰਨ ਵਾਲੇ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਅਤੇ ਕਾਂਗਰਸ ਨੂੰ ਜ਼ੋਰ ਦੇ ਕੇ ਅਤੇ ਲੋਕਾਂ ਨੂੰ ਧਮਕਾ ਕੇ ਜ਼ਿਲਾ ਪ੍ਰੀਸ਼ਦ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਚੀਮਾ ਨੇ ਕਿਹਾ ਕਿ “ਆਪ ‘ਦੇ ਉਮੀਦਵਾਰ ਹਰਵਿੰਦਰ ਸਿੰਘ ਹਿੰਦਾ ਨੂੰ ਬੀਤੀ ਰਾਤ ਮਾਰ ਦਿੱਤਾ ਗਿਆ।.ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਅਸੀਂ ਪੰਜਾਬ ਸਰਕਾਰ ਤੋਂ ਹਿੰਦਾ ਨੂੰ ਮਾਰਨ ਵਾਲੇ ਲੋਕਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ।
ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿਟ ਕਰਕੇ ਇਸ ਘਟਨਾ ਦੀ ਤਿੱਖੇ ਸ਼ਬਦਾਂ ਚ ਨਿਖੇਧੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ 19 ਸਤੰਬਰ ਨੂੰ ਹੋਣੀਆਂ ਹਨ। ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ।