ਬਟਾਲਾ, 9 ਅਕਤੂਬਰ
‘ਆਪ’ ਆਗੂ ਅਤੇ ਦੋ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਥੇਦਾਰ ਸ਼ਾਮਪੁਰਾ ਨੇ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਤੋਂ ‘ਆਪ’ ਦੀ ਸੀਟ ’ਤੇ ਚੋਣ ਲੜੀ ਸੀ। ਇਸੇ ਤਰ੍ਹਾਂ, ਅਕਾਲੀ ਦਲ ਵੱਲੋਂ ਬਟਾਲਾ ਕਾਂਗਰਸ ਵਿੱਚ ਸੰਨ੍ਹ ਲਾਉਂਦਿਆਂ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੇ ਵੱਡੇ ਭਰਾ ਇੰਦਰ ਸੇਖੜੀ ਨੂੰ ਸੋਮਵਾਰ ਨੂੰ ਪਾਰਟੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇੰਦਰ ਸੇਖੜੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਹਰ ਪੈਂਤੜਾ ਵਰਤਦਿਆਂ ਇੱਕ-ਦੂਜੇ ਦੇ ਆਗੂਆਂ ਨੂੰ ਤੋੜ ਰਹੀਆਂ ਹਨ। ਜਥੇਦਾਰ ਸ਼ਾਮਪੁਰਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦਾ ਮੁੱਢ ਬਟਾਲਾ ਤੋਂ ਪਾਰਟੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਬੰਨ੍ਹਿਆ। ਉਂਜ, ਸ਼ਾਮਪੁਰਾ ਨੇ ‘ਆਪ’ ਉੱਤੇ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਾ ਲਾਉਂਦਿਆਂ ਕਿਹਾ ਕਿ ਉਹ ਆਪਣੀ ਪਿਤਰੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ’ਚ ਜਬਰਦਸਤ ਸੰਨ੍ਹ ਲਾਉਂਦਿਆਂ ਬਟਾਲਾ ਤੋਂ ਅਸ਼ਵਨੀ ਸੇਖੜੀ ਦੇ ਵੱਡੇ ਭਰਾ ਇੰਦਰ ਸੇਖੜੀ ਨੂੰ ਪਾਰਟੀ ’ਚ ਸ਼ਾਮਲ ਕਰਨ ਲਈ ਰਾਜ਼ੀ ਕਰ ਲਿਆ ਹੈ। ਸ਼ੁੱਕਰਵਾਰ-ਸ਼ਨਿਚਰਵਾਰ ਰਾਤ 1 ਵਜੇ ਸ੍ਰੀ ਬਾਦਲ ਨੇ ਇੰਦਰ ਸੇਖੜੀ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।