ਨੂਰਪੁਰ ਬੇਦੀ, 4 ਮਾਰਚ
ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ 32 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਇਸ ਖੇਤਰ ਵਿੱਚ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮਿਲਣਗੇ  ਉੱਥੇ ਹੀ ਪੰਜਾਬ ਸਰਕਾਰ ਦਾ ਸੈਰ-ਸਪਾਟਾ ਵਿਕਸਤ ਕਰਨ ਦਾ ਵਾਅਦਾ ਵੀ ਪੂਰਾ ਹੋਵੇਗਾ। ਉਹ ਅੱਜ ਨੂਰਪੁਰ ਬੇਦੀ ਨੇੜਲੇ ਪਿੰਡ ਸ਼ਾਹਪੁਰ ਬੇਲਾ  ਸਰਾਏ ਪੱਤਣ ’ਤੇ ਬਣੇ ਪੁਲ ਦੇ ਉਦਘਾਟਨ ਸਬੰਧੀ ਸਮਾਰੋਹ ਵਿਚ ਸ਼ਾਮਲ ਹੋਣ ਪੁਹੰਚੇ ਸਨ।
ਸ੍ਰੀ ਸਿੱਧੂ ਨੇ ਕਿਹਾ ਕਿ ਸੰਤ ਲਾਭ ਸਿੰਘ ਨੇ ਸਮੂੱਚੇ ਪੰਜਾਬ ਵਿੱਚ ਕਈ ਵੱਡੇ ਪੁਲਾਂ ਦਾ ਨਿਰਮਾਣ ਕਰ ਕੇ ਮਾਨਵਤਾ ਦੀ ਭਲਾਈ ਦੀ ਦਿਸ਼ਾ ਵਿੱਚ ਵੱਡਾ ਉਪਰਾਲਾ ਕੀਤਾ ਹੈ। ਇਨ੍ਹਾਂ ਪੁਲਾਂ ਦੇ ਨਿਰਮਾਣ ਉੱਤੇ ਕਰੋੜਾਂ ਰੁਪਏ ਖਰਚ ਹੋਏ ਹਨ ਅਤੇ ਇਹ ਪੁਲ ਅਜਿਹੇ ਦਰਿਆਵਾਂ ਅਤੇ ਨਦੀਆਂ ਉੱਤੇ ਉਸਾਰੇ ਗਏ ਹਨ ਜਿਨ੍ਹਾਂ ਨਾਲ ਲੋਕਾਂ ਦਾ ਜੀਵਨ ਪੱਧਰ ਕਾਫੀ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਲਈ ਬਾਬਾ ਲਾਭ ਸਿੰਘ ਦੇ ਉਪਰਾਲਿਆਂ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਘੱਟ ਹੈ। ਸ਼ਾਹਪੁਰ ਬੇਲਾ ਵਿੱਚ ਲਗਪਗ 10 ਕਰੋੜ ਰੁਪਏ ਦੀ ਲਾਗਤ ਨਾਲ ਕਾਰ ਸੇਵਾ ਰਾਹੀਂ ਉਸਾਰੇ ਗਏ ਪੁਲ ਦਾ ਉਦਘਾਟਨ ਸੰਤ ਲਾਭ ਸਿੰਘ ਨੇ ਗੁੂਰ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਨੂੰ ਪੁਲ ਪਾਰ ਕਰਵਾ ਕੇ ਕੀਤਾ। ਇਸ ਮੌਕੇ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਗਿਆ।