ਚੰਡੀਗੜ੍ਹ, 10 ਜਨਵਰੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਧਾਰ ਡੇਟਾ ਵਿੱਚ ਸੰਨ੍ਹ ਲਾਉਣ ਨੂੰ ਨਸ਼ਰ ਕਰਨ ਦੇ ਮਾਮਲੇ ਵਿੱਚ ‘ਦਿ ਟ੍ਰਿਬਿਊਨ’ ਦੀ ਪੱਤਰਕਾਰ ਰਚਨਾ ਖਹਿਰਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਵਿਰੁੱਧ ਪੱਤਰਕਾਰ ਭਾਈਚਾਰੇ ਦੇ ਰੋਸ ਮੁਜ਼ਾਹਰੇ ਦਾ ਸਮਰਥਨ ਕੀਤਾ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਅੱਜ ਐੱਫਆਈਆਰ ਰੱਦ ਕਰਨ ਦੀ ਮੰਗ ਲਈ ਟ੍ਰਿਬਿਊਨ ਮੁਲਾਜ਼ਮਾਂ ਵੱਲੋਂ ਕੀਤੇ ਮੁਜ਼ਾਹਰੇ ਵਿੱਚ ਪਹੁੰਚੇ ਤੇ ਹਮਾਇਤ ਦਿੱਤੀ। ਮੁਜ਼ਾਹਰਾਕਾਰੀ ਮੁਲਾਜ਼ਮਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿੱਜੀ ਸਮਰਥਨ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਹੋਣ ਕਰਕੇ ਭਾਵੇਂ ਉਹ ਨਿੱਜੀ ਤੌਰ ’ਤੇ ਇੱਥੇ ਆ ਕੇ ਉਨ੍ਹਾਂ ਨੂੰ ਨਹੀਂ ਮਿਲ ਸਕੇ ਹਨ, ਪਰ ਉਨ੍ਹਾਂ ਪ੍ਰੈੱਸ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਮੀਡੀਆ ਨੂੰ ਸਰਕਾਰ ਵੱਲੋਂ ਪੂਰੀ ਹਮਾਇਤ ਦੇਣ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਇਸ ਗੱਲ ਦੇ ਹੱਕ ਵਿੱਚ ਹਨ ਕਿ ਆਧਾਰ ਡਾਟਾ ’ਚ ਸੰਨ੍ਹ ਲਾਉਣ ਦੀਆਂ ਚੋਰ-ਮੋਰੀਆਂ ਦਾ ਪਰਦਾਫਾਸ਼ ਕਰਨ ਵਾਲਿਆਂ ’ਤੇ ਕਾਰਵਾਈ ਕਰਨ ਦੀ ਬਜਾਇ ਕੇਂਦਰ ਸਰਕਾਰ ਵੱਲੋਂ ਇਹ ਖਾਮੀਆਂ ਮਿਟਾਉਣ ਲਈ ਠੋਸ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਮਹੂਰੀਅਤ ਦੇ ਚੌਥੇ ਥੰਮ੍ਹ ਦੀ ਰਾਖੀ ਲਈ ਪੂਰੀ ਵਾਹ ਲਾਵੇਗੀ।