ਦੁਬਈ,
ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਸਥਾਨ ਦੇ ਫਾਇਦੇ ਨਾਲ ਤਾਜ਼ਾ ਆਈਸੀਸੀ ਟੈਸਟ ਰੈਂਕਿੰਗਜ਼ ’ਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਕਪਤਾਨ ਵਿਰਾਟ ਕੋਹਲੀ ਪੰਜਵੇਂ ਸਥਾਨ ’ਤੇ ਹੈ। ਪੁਜਾਰਾ ਨੇ ਸ੍ਰੀਲੰਕਾ ਖ਼ਿਲਾਫ਼ ਦੂਜੇ ਟੈਸਟ ਮੈਚ ’ਚ 143 ਦੌੜਾਂ ਬਣਾਈਆਂ ਅਤੇ ਉਹ ਦੂਜੀ ਰੈਂਕਿੰਗ ’ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਮਾਰਚ ’ਚ ਆਸਟਰੇਲੀਆ ਖ਼ਿਲਾਫ਼ ਰਾਂਚੀ ਟੈਸਟ ’ਚ ਉਹ ਰੈਂਕਿੰਗ ’ਤੇ ਚੜ੍ਹਿਆ ਸੀ ਜਦਕਿ ਆਖਰੀ ਵਾਰ ਅਗਸਤ ’ਚ ਸ੍ਰੀਲੰਕਾ ਖ਼ਿਲਾਫ਼ ਕੋਲੰਬੋ ਟੈਸਟ ਤੋਂ ਬਾਅਦ ਫਿਰ ਇੱਥੇ ਪਹੁੰਚਿਆ ਹੈ। ਪੁਜਾਰਾ 22 ਅੰਕ ਲੈ ਕੇ ਕਰੀਅਰ ਦੇ ਸਰਵੋਤਮ 888 ਅੰਕਾਂ ਨਾਲ ਚੌਥੇ ਤੋਂ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਕਪਤਾਨ ਵਿਰਾਟ ਕੋਹਲੀ ਉਸ ਤੋਂ 11 ਅੰਕ ਪਿੱਛੇ ਪੰਜਵੇਂ ਸਥਾਨ ’ਤੇ ਹੈ। ਕੋਹਲੀ ਨੇ 62ਵੇਂ ਟੈਸਟ ਮੈਚ ’ਚ ਪੰਜਵਾਂ ਦੋਹਰਾ ਸੈਂਕੜਾ ਜੜਿਆ ਅਤੇ ਹੁਣ 817 ’ਚੋਂ 877 ਅੰਕ ਲੈ ਕੇ ਪੰਜਵੇਂ ਸਥਾਨ ’ਤੇ ਹੈ।
ਦੂਜੇ ਪਾਸੇ ਐਸ਼ੇਜ਼ ਟੈਸਟ ’ਚ ਆਸਟਰੇਲੀਆ ਨੂੰ ਜਿੱਤ ਦਿਵਾਉਣ ਵਾਲਾ ਕਪਤਾਨ ਸਟੀਵ ਸਮਿੱਥ 941 ਅੰਕ ਲੈ ਕੇ ਸਿਖਰ ’ਤੇ ਹੈ। ਉਹ ਸਭ ਤੋਂ ਵੱਧ ਅੰਕ ਬਣਾਉਣ ਵਾਲੇ ਟੈਸਟ ਬੱਲੇਬਾਜ਼ਾਂ ਦੀ ਸੂਚੀ ’ਚ ਸਰ ਡਾਨ ਬਰੈਡਮੈਨ (961), ਲੇਨ ਹਟਨ (945), ਜੈਕ ਹੌਬਸ (942) ਅਤੇ ਰਿੱਕੀ ਪੌਂਟਿੰਗ (942) ਤੋਂ ਬਾਅਦ ਪੀਟਰ ਮੇਅ (941) ਨਾਲ ਸਾਂਝੇ ਪੰਜਵੇਂ ਸਥਾਨ ’ਤੇ ਹੈ। ਇੰਗਲੈਂਡ ਦਾ ਕਪਤਾਨ ਜੋਅ ਰੂਟ ਤੀਜੇ ਅਤੇ ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਚੌਥੇ ਸਥਾਨ ’ਤੇ ਹੈ ਜਦਕਿ ਆਸਟਰੇਲੀਆ ਦਾ ਡੇਵਿਡ ਵਾਰਨਰ ਛੇਵੇਂ ਸਥਾਨ ’ਤੇ ਹੈ। ਭਾਰਤੀ ਸਲਾਮੀ ਬੱਲੇਬਾਜ਼ ਮੁਰਲੀ ਵਿਜੈ ਅੱਠ ਸਥਾਨ ਦੇ ਫਾਇਦੇ ਨਾਲ 28ਵੇਂ ਸਥਾਨ ’ਤੇ ਪਹੁੰਚ ਗਿਆ ਹੈ ਜਦਕਿ ਰੋਹਿਤ ਸ਼ਰਮਾ 46ਵੇਂ ਸਥਾਨ ’ਤੇ ਹੈ। ਭਾਰਤ ਦਾ ਕੇਐੱਲ ਰਾਹੁਲ ਇੱਕ ਸਥਾਨ ਡਿੱਗ ਕੇ ਨੌਵੇਂ, ਅਜਿੰਕਿਆ ਰਹਾਣੇ ਦੋ ਸਥਾਨ ਡਿੱਗ ਕੇ 15ਵੇਂ, ਸ੍ਰੀਲੰਕਾ ਦਾ ਦਿਮੁਥ ਕਰੁਣਾਰਤਨੇ ਇੱਕ ਹੇਠਾਂ ਜਾ ਕੇ 18ਵੇਂ ਅਤੇ ਸ਼ਿਖਰ ਧਵਨ ਇੱਕ ਸਥਾਨ ਦੇ ਨੁਕਸਾਨ ਨਾਲ 29ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ’ਚ ਰਵਿੰਦਰ ਜਡੇਜਾ ਦੂਜੇ ਸਥਾਨ ’ਤੇ ਹੈ ਜਦਕਿ ਮਿਸ਼ੇਲ ਸਟਾਰਕ 10ਵੇਂ ਸਥਾਨ ’ਤੇ ਆ ਗਿਆ ਹੈ। ਆਰ ਅਸ਼ਵਿਨ ਨੰਬਰ ਇੱਕ ਰੈਂਕਿੰਗ ਵਾਲੇ ਜੇਮਸ ਐਂਡਰਸਨ ਤੋਂ 42 ਅੰਕ ਪਿੱਛੇ ਹੈ। ਭੁਵਨੇਸ਼ਵਰ ਕੁਮਾਰ 28ਵੇਂ ਅਤੇ ਇਸ਼ਾਂਤ ਸ਼ਰਮਾ 30ਵੇਂ ਸਥਾਨ ’ਤੇ ਹੈ।