ਬੰਗਲੂਰੂ:ਰੌਇਲ ਚੈਲੰਜਰਜ਼ ਬੰਗਲੂਰੂ (ਆਰਸੀਬੀ) ਦੇ ਕਪਤਾਨ ਫਾਫ ਡੁਪਲੇਸੀ ਨੂੰ ਲਖਨਊ ਸੁਪਰਜਾਇੰਟਸ ਖ਼ਿਲਾਫ਼ ਆਈਪੀਐੱਲ ਮੈਚ ਦੌਰਾਨ ਹੌਲੀ ਓਵਰ ਰੇਟ ਲਈ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਲਖਨਊ ਨੇ ਇਹ ਮੈਚ ਆਖਰੀ ਗੇਂਦ ’ਤੇ ਇਕ ਵਿਕਟ ਨਾਲ ਜਿੱਤਿਆ, ਜਿਸ ਤੋਂ ਬਾਅਦ ਟੀਮ ਦੇ 11ਵੇਂ ਨੰਬਰ ਦੇ ਖਿਡਾਰੀ ਆਵੇਸ਼ ਖਾਨ ਨੇ ਜੋਸ਼ ’ਚ ਆਪਣਾ ਹੈਲਮੇਟ ਹਵਾ ’ਚ ਸੁੱਟ ਦਿੱਤਾ। ਮੈਚ ਰੈਫਰੀ ਵੱਲੋਂ ਇਸ ਸਬੰਧੀ ਉਸ ਨੂੰ ਚਿਤਾਵਨੀ ਦਿੱਤੀ ਗਈ ਹੈ। ਆਈਪੀਐੱਲ ਵੱਲੋਂ ਜਾਰੀ ਬਿਆਨ ਅਨੁਸਾਰ ,‘‘ਰੌਇਲ ਚੈਲੰਜਰਜ਼ ਬੰਗਲੂਰੂ ਨੂੰ ਸੋਮਵਾਰ ਨੂੰ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਲਖਨਊ ਸੁਪਰਜਾਇੰਟਸ ਖ਼ਿਲਾਫ਼ ਖੇਡੇ ਗਏ ਆਈਪੀਐੱਲ ਮੈਚ ਦੌਰਾਨ ਹੌਲੀ ਓਵਰ ਰੇਟ ਲਈ ਜੁਰਮਾਨਾ ਲਾਇਆ ਗਿਆ ਹੈ।’’ ਮੱਧ ਪ੍ਰਦੇਸ਼ ਦੇ ਤੇਜ਼ ਗੇਂਦਬਾਜ਼ ਆਵੇਸ਼ ਖਾਨ ਨੂੰ ਕੋਈ ਵਿੱਤੀ ਜੁਰਮਾਨਾ ਨਹੀਂ ਲਗਾਇਆ ਗਿਆ। ਉਸ ਨੂੰ ਸਿਰਫ ਚਿਤਾਵਨੀ ਦਿੱਤੀ ਗਈ ਹੈ।














