ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਦੇ ਮਾਰਕਪੁਰ ਜ਼ਿਲ੍ਹੇ ਵਿੱਚ ਹੋਏ ਭਿਆਨਕ ਬੱਸ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਅਤੇ ਜ਼ਖਮੀਆਂ ਲਈ ਐਕਸ-ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਪੋਸਟ ਸਾਂਝੀ ਕਰ ਕੇ ਕਿਹਾ, “ਆਂਧਰਾ ਪ੍ਰਦੇਸ਼ ਦੇ ਮਾਰਕਪੁਰ ਜ਼ਿਲ੍ਹੇ ਵਿੱਚ ਹੋਇਆ ਹਾਦਸਾ ਬਹੁਤ ਦੁਖਦਾਈ ਹੈ। ਦੁਖੀ ਪਰਿਵਾਰਾਂ ਨਾਲ ਮੇਰੀਆਂ ਸੰਵੇਦਨਾਵਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।” ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਦੇ ਅਨੁਸਾਰ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 200,000 ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀਐਮਐਨਆਰਐਫ) ਤੋਂ ਦਿੱਤੇ ਜਾਣਗੇ।

ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਸਵੇਰੇ 6:30 ਵਜੇ ਦੇ ਕਰੀਬ ਮਾਰਕਪੁਰ ਜ਼ਿਲ੍ਹੇ ਦੇ ਰਾਏਵਰਮ ਨੇੜੇ ਵਾਪਰਿਆ। ਹੈਦਰਾਬਾਦ ਤੋਂ ਪਾਮੁਰੂ (ਪ੍ਰਕਾਸਮ ਜ਼ਿਲ੍ਹਾ) ਜਾ ਰਹੀ ਇਕ ਯਾਤਰੀ ਬੱਸ ਇੱਕ ਟਿੱਪਰ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਏ। ਉਸ ਸਮੇਂ ਬੱਸ ਵਿੱਚ 35 ਯਾਤਰੀ ਸਵਾਰ ਸਨ।

ਮਿਲੀ ਜਾਣਕਾਰੀ ਅਨੁਸਾਰ ਹਾਦਸੇ ਵਿੱਚ 14 ਜ਼ਿੰਦਾ ਸੜ ਗਏ ਅਤੇ 15 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਮਾਰਕਪੁਰਮ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਅਤੇ ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ। ਚਸ਼ਮਦੀਦਾਂ ਦੇ ਅਨੁਸਾਰ, ਅੱਗ ਲੱਗਣ ਤੋਂ ਤੁਰੰਤ ਬਾਅਦ ਲਗਭਗ ਦਸ ਯਾਤਰੀ ਬੱਸ ਤੋਂ ਛਾਲ ਮਾਰਨ ਵਿੱਚ ਕਾਮਯਾਬ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਅੱਗ ‘ਤੇ ਕਾਬੂ ਪਾਉਣ ਲਈ ਤਿੰਨ ਫਾਇਰ ਇੰਜਣ ਤਾਇਨਾਤ ਕੀਤੇ ਗਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।