ਅੰਮ੍ਰਿਤਸਰ, 14 ਦਸੰਬਰ
ਨਗਰ ਨਿਗਮ ਚੋਣਾਂ ਲਈ ਪ੍ਰਚਾਰ ਸਿਖਰ ’ਤੇ ਹੈ। ਇਹ ਚੋਣਾਂ ਸੁਸਤ ਕਾਰਗੁਜ਼ਾਰੀ ਵਾਲੀ ਕਾਂਗਰਸ ਸਰਕਾਰ ਤੇ ਨਗਰ ਨਿਗਮ ’ਤੇ ਕਾਬਜ਼ ਰਹੇ ਅਕਾਲੀ-ਭਾਜਪਾ ਗੱਠਜੋੜ ਵਾਸਤੇ ਚੁਣੌਤੀ ਬਣੀ ਹੋਈ ਹੈ, ਜਦੋਂਕਿ ਆਮ ਆਦਮੀ ਪਾਰਟੀ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਵੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਾਉਣ ਨੂੰ ਚੁਣੌਤੀ ਵਜੋਂ ਲੈ ਰਹੀਆਂ ਹਨ।
ਇੱਥੇ ਨਗਰ ਨਿਗਮ ਦੇ 85 ਵਾਰਡਾਂ ਵਾਸਤੇ ਲਗਪਗ 413 ਉਮੀਦਵਾਰ ਮੈਦਾਨ ਵਿੱਚ ਹਨ। ਹਾਕਮ ਧਿਰ ਕਾਂਗਰਸ ਵੱਲੋਂ ਇਕੱਲਿਆਂ 85 ਵਾਰਡਾਂ ਤੋਂ ਚੋਣ ਲੜੀ ਜਾ ਰਹੀ ਹੈ ਤੇ ਪਾਰਟੀ ਦੇ 85 ਉਮੀਦਵਾਰ ਮੈਦਾਨ ਵਿੱਚ ਹਨ। ਗੱਠਜੋੜ ਨੇ ਸਾਂਝੇ ਤੌਰ ’ਤੇ ਚੋਣ ਲੜਦਿਆਂ ਕ੍ਰਮਵਾਰ 35+50 ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ, ਜਦੋਂਕਿ ‘ਆਪ’ ਵੱਲੋਂ ਬਸਪਾ ਤੇ ਸੀਪੀਆਈ ਨਾਲ ਗੱਠਜੋੜ ਕੀਤਾ ਗਿਆ ਹੈ। ਇਸ ਤਹਿਤ ਬਸਪਾ ਵੱਲੋਂ 11, ਸੀਪੀਆਈ ਵੱਲੋਂ 8 ਤੇ ਬਾਕੀ ਰਹਿੰਦੀਆਂ ਸੀਟਾਂ ’ਤੇ ‘ਆਪ’ ਦੇ ਉਮੀਦਵਾਰ ਮੈਦਾਨ ਵਿੱਚ ਹਨ। ਇਸ ਤੋਂ ਇਲਾਵਾ ਸੌ ਤੋਂ ਵੱਧ ਆਜ਼ਾਦ ਉਮੀਦਵਾਰ ਮੈਦਾਨ ਵਿੱਚ ਹਨ। ਇਹ ਚੋਣਾਂ ਮੌਜੂਦਾ ਕਾਂਗਰਸ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਉਮੀਦਵਾਰਾਂ ਲਈ ਆਪੋ-ਆਪਣੀ ਹੋਂਦ ਬਚਾਉਣ ਤੇ ਬਣਾਉਣ ਵਾਸਤੇ ਚੁਣੌਤੀ ਸਾਬਤ ਹੋ ਰਹੀਆਂ ਹਨ। ਦੋਵਾਂ ਹੀ ਵੱਡੀਆਂ ਧਿਰਾਂ ਦੇ ਕਈ ਅਹਿਮ ਉਮੀਦਵਾਰਾਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਦੇ ਪਿਛਲੇ ਪੰਜ ਸਾਲ ਮੇਅਰ ਰਹੇ ਬਖਸ਼ੀ ਰਾਮ ਅਰੋੜਾ ਇਸ ਵਾਰ ਮੁੜ ਵਾਰਡ ਨੰਬਰ 10 ਤੋਂ ਭਾਜਪਾ ਉਮੀਦਵਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਗੱਠਜੋੜ ਦੀ ਸਰਕਾਰ ਨੇ ਸ਼ਹਿਰ ਵਿੱਚ ਬਹੁਤ ਵਿਕਾਸ ਕੀਤਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 42 ਤੋਂ ਅਕਾਲੀ ਉਮੀਦਵਾਰ ਅਜੈਬੀਰਪਾਲ ਸਿੰਘ ਰੰਧਾਵਾ ਮੈਦਾਨ ਵਿੱਚ ਹਨ। ਉਹ 2007 ਤੋਂ 2012 ਤੱਕ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਹੇ ਹਨ। ਉਹ ਵੀ ਆਪਣੇ ਵਾਰਡ ਵਿੱਚ ਵਧੇਰੇ ਵਿਕਾਸ ਦੇ ਦਾਅਵਿਆਂ ਨਾਲ ਵੋਟਾਂ ਮੰਗ ਰਹੇ ਹਨ। ਹਾਕਮ ਧਿਰ ਕਾਂਗਰਸ ਵੱਲੋਂ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਇਸ ਵਾਰ ਪੱਛਮੀ ਵਿਧਾਨ ਸਭਾ ਹਲਕੇ ਦੀ ਥਾਂ ਉਤਰੀ ਵਿਧਾਨ ਸਭਾ ਹਲਕੇ ਵਿੱਚ ਵਾਰਡ ਨੰਬਰ 11 ਵਿੱਚੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਨ੍ਹਾਂ ਹੁਣ ਤੱਕ ਤਿੰਨ ਵਾਰ ਚੋਣ ਲੜੀ ਹੈ ਤੇ ਹਰ ਵਾਰ ਜਿੱਤ ਪ੍ਰਾਪਤ ਕੀਤੀ ਹੈ। ਹੁਣ ਚੌਥੀ ਵਾਰ ਜੇਤੂ ਲੈਅ ਬਰਕਰਾਰ ਰੱਖਣਾ ਤੇ ਮਹਿਲਾ ਕਾਂਗਰਸ ਦੀ ਪ੍ਰਧਾਨ ਦਾ ਵਜੂਦ ਬਰਕਰਾਰ ਰੱਖਣਾ ਉਨ੍ਹਾਂ ਲਈ ਚੁਣੌਤੀ ਹੈ। ਵਾਰਡ ਨੰਬਰ 16 ਤੋਂ ਰਾਜਕੰਵਲ ਪ੍ਰੀਤਪਾਲ ਸਿੰਘ ਲੱਕੀ ਇਸ ਵੇਲੇ ਨਗਰ ਨਿਗਮ ਵਿੱਚ ਵਿਰੋਧੀ ਧਿਰ ਦੇ ਆਗੂ ਸਨ। ਉਹ ਦੂਜੀ ਵਾਰ ਜਿੱਤ ਲਈ ਮੈਦਾਨ ਵਿੱਚ ਹਨ। ਉਨ੍ਹਾਂ ਨੇ ਲੋਕਾਂ ਨਾਲ ਬਿਹਤਰ ਵਿਕਾਸ ਅਤੇ ਆਵਾਰਾ ਕੁੱਤਿਆਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਉਹ ਵੀ ਮੇਅਰ ਦੇ ਦਾਅਵੇਦਾਰਾਂ ਦੀ ਕਤਾਰ ਵਿੱਚ ਸ਼ਾਮਲ ਹਨ। ਵਾਰਡ ਨੰਬਰ 12 ਤੋਂ ਕਰਮਜੀਤ ਸਿੰਘ ਰਿੰਟੂ ਵੀ ਅਹਿਮ ਆਗੂਆਂ ਵਿੱਚੋਂ ਹਨ। ਉਨ੍ਹਾਂ ਪਿਛਲੀ ਵਿਧਾਨ ਸਭਾ ਸਮੇਂ ਭਾਜਪਾ ਮੰਤਰੀ ਅਨਿਲ ਜੋਸ਼ੀ ਨੂੰ ਸਖ਼ਤ ਚੁਣੌਤੀ ਦਿੱਤੀ ਸੀ। ‘ਆਪ’ ਵੱਲੋਂ ਵਾਰਡ ਨੰਬਰ 10 ਵਿੱਚੋਂ ਸ਼ਿਵਾਨੀ ਮੈਦਾਨ ਵਿੱਚ ਹੈ ਤੇ ਸਾਬਕਾ ਮੇਅਰ ਨੂੰ ਸਖ਼ਤ ਚੁਣੌਤੀ ਦੇ ਰਹੀ ਹੈ। ਇਸੇ ਤਰ੍ਹਾਂ ‘ਆਪ’ ਦੀ ਪੁਰਾਣੀ ਕਾਰਕੁਨ ਸ਼ਿਵਾਨੀ ਵਾਰਡ ਨੰਬਰ 9 ਤੇ ਅਸ਼ਵਨੀ ਸ਼ਰਮਾ ਵਾਰਡ ਨੰਬਰ 28 ਵਿੱਚੋਂ ਆਪਣੀ ਹੋਂਦ ਦੀ ਸਥਾਪਤੀ ਲਈ ਚੋਣਾਂ ਨੂੰ ਚੁਣੌਤੀ ਵਜੋਂ ਲੜ ਰਹੇ ਹਨ। ਅਕਾਲੀ ਦਲ ਦੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਾ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਹਨ।