ਅੰਮ੍ਰਿਤਸਰ, 18 ਜੂਨ
ਸੂਬੇ ਦੇ ਸੈਰ-ਸਪਾਟਾ ਵਿਭਾਗ ਵੱਲੋਂ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ 18 ਅਜਿਹੀਆਂ ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਅਤੇ ਕੌਮਾਂਤਰੀ ਟੂਰਿਸਟ ਏਜੰਸੀਆਂ ਰਾਹੀਂ ਇਨ੍ਹਾਂ ਦਾ ਪ੍ਰਚਾਰ ਕੀਤਾ ਜਾਵੇਗਾ। ਇਹ ਖ਼ੁਲਾਸਾ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਅੱਜ ਇੱਥੇ ਵੱਖ ਵੱਖ ਸੈਰ-ਸਪਾਟਾ ਥਾਵਾਂ ਦਾ ਦੌਰਾ ਕੀਤਾ।
ਵਾਰ ਮੈਮੋਰੀਅਲ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਅੱਜ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਹਰਿਮੰਦਰ ਸਾਹਿਬ, ਵਿਰਾਸਤੀ ਮਾਰਗ, ਜਲ੍ਹਿਆਂਵਾਲਾ ਬਾਗ਼, ਪਾਰਟੀਸ਼ਨ ਮਿਊਜ਼ੀਅਮ, ਦੁਰਗਿਆਣਾ ਮੰਦਿਰ, ਵਾਰ ਮੈਮੋਰੀਅਲ, ਅਟਾਰੀ ਸਰਹੱਦ, ਪੁਲ ਕੰਜਰੀ ਆਦਿ ਥਾਵਾਂ ਦਾ ਦੌਰਾ ਕੀਤਾ ਹੈ ਤੇ ਇੱਥੇ ਸੈਲਾਨੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਹੈ। ਅਧਿਕਾਰੀਆਂ  ਅਤੇ ਮਾਹਿਰਾਂ ਦੀ ਟੀਮ ਨਾਲ ਸੈਲਾਨੀਆਂ ਨੂੰ ਹੋਰ ਵਧੇਰੇ ਅਤੇ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੇਣ ਬਾਰੇ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਜੋ ਇਸ ਇਲਾਕੇ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੇ ਨਾਲ ਲੱਗਦੇ ਇਲਾਕਿਆਂ ਵਿੱਚ 18 ਥਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਿਤ ਕਰਕੇ ਕੌਮਾਂਤਰੀ ਪੱਧਰ ਦੀਆਂ ਏਜੰਸੀਆਂ ਰਾਹੀਂ ਇਨ੍ਹਾਂ ਦਾ ਪ੍ਰਚਾਰ ਕੀਤਾ ਜਾਵੇਗਾ। ਇੱਥੇ ਇਨ੍ਹਾਂ ਇਲਾਕਿਆਂ ਵਿੱਚ ਵਧੀਆ ਤੇ ਸਸਤੇ ਹੋਟਲ ਬਣਾਏ ਜਾਣਗੇ ਤੇ ਹੋਰ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਤਾਂ ਜੋ ਇਹ ਸਥਾਨ ਵੀ ਯਾਤਰੂਆਂ ਲਈ ਖਿੱਚ ਦਾ ਕੇਂਦਰ ਬਣ ਸਕਣ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਆਉਣ ਵਾਲੇ ਸਮੇਂ ਵਿੱਚ ਸਰਕਾਰ ਅਤੇ ਸੈਰ-ਸਪਾਟਾ ਸਨਅਤ ਨਾਲ ਜੁੜੇ ਲੋਕਾਂ ਲਈ ਆਰਥਿਕ ਲਾਭ ਦਾ ਸਾਧਨ ਵੀ ਬਣਨਗੇ। ਉਨ੍ਹਾਂ ਆਖਿਆ ਕਿ ਸੈਰ-ਸਪਾਟਾ ਵਿਭਾਗ ਵੱਲੋਂ ਯਤਨ ਕੀਤਾ ਜਾ ਰਿਹਾ ਹੈ ਕਿ ਦੇਸ਼-ਵਿਦੇਸ਼ ਤੋਂ ਆਉਂਦੇ ਯਾਤਰੂ ਇੱਥੇ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸੈਰ ਸਪਾਟਾ ਥਾਵਾਂ ਨੂੰ ਦੇਖਣ, ਜਿਸ ਲਈ ਉਨ੍ਹਾਂ ਨੂੰ ਇੱਥੇ 4 ਤੋਂ 5 ਦਿਨ ਠਹਿਰਾਅ ਕਰਨਾ ਪਵੇ। ਇਸ ਨਾਲ ਸੈਰ ਸਪਾਟਾ ਸਨਅਤ ਨਾਲ ਜੁੜੇ ਹੋਰ ਕਿੱਤਿਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਸੈਲਾਨੀਆਂ ਨੂੰ ਖਿੱਚਣ ਦੀ ਅਥਾਹ ਸਮਰੱਥਾ ਹੈ ਤੇ ਸਰਕਾਰ ਵੱਲੋਂ ਵੀ ਇਸ ਬਾਬਤ ਯਤਨ ਕੀਤੇ ਜਾ ਰਹੇ ਹਨ।
ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੀ ਬੀਆਰਟੀਐੱਸ ਯੋਜਨਾ ਅਜੇ ਤੱਕ ਨਾ ਚੱਲਣ ਬਾਰੇ ਉਨ੍ਹਾਂ ਆਖਿਆ ਕਿ ਇਸ ਯੋਜਨਾ ’ਤੇ ਲੋਕਾਂ ਦੇ ਕਰੋੜਾਂ ਰੁਪਏ ਲੱਗ ਚੁੱਕੇ ਹਨ। ਸਰਕਾਰ ਵੱਲੋਂ ਇਸ ਯੋਜਨਾ ਨੂੰ ਚਲਾਉਣ ਵਾਸਤੇ ਪੂਰੇ ਯਤਨ ਕੀਤੇ ਜਾਣਗੇ। ਉਨ੍ਹਾਂ ਆਖਿਆ ਕਿ ਸਰਕਾਰੀ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣਗੇ ਅਤੇ ਸਰਕਾਰ ਵੱਲੋਂ ਤੈਅ ਨਿਯਮਾਂ ਖ਼ਿਲਾਫ਼ ਕਲੋਨੀਆਂ ਜਾਂ ਵਪਾਰਕ ਥਾਵਾਂ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਸੈਰ-ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਸਿੰਘ ਤੇ ਡਾਇਰੈਕਟਰ ਸ਼ਿਵ ਦੁਲਾਰ ਸਿੰਘ ਵੀ ਹਾਜ਼ਰ ਸਨ।